ਖੇਤਰੀ ਪ੍ਰਤੀਨਿਧ
ਬਰਨਾਲਾ, 10 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕੇਂਦਰੀ ‘ਅਗਨੀਪੱਥ ਸਕੀਮ’ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ, ਨੌਜਵਾਨ ਤੇ ਔਰਤਾਂ ਨੇ ਰੋਹ ਭਰਪੂਰ ਪ੍ਰਦਸ਼ਨ ਕਰਕੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ।
ਡੀਸੀ ਕੰਪਲੈਕਸ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਨੇ ਭਾਰਤੀ ਫੌਜ ਵਿੱਚ ਭਰਤੀ ਦੇ ਪੁਰਾਣੇ ਢੰਗ ਨੂੰ ਖਤਮ ਕਰਕੇ ਨਵੀਂ ਲਿਆਂਦੀ ‘ਅਗਨੀਪੱਥ ਸਕੀਮ’ ਰਾਹੀਂ ਫੌਜ ਵਿੱਚ ਸਥਾਈ ਨੌਕਰੀਆਂ ਲਈ ਜਵਾਨਾਂ ਦੀ ਸਿੱਧੀ ਭਰਤੀ ਨੂੰ ਰੋਕ ਦਿੱਤਾ ਹੈ। ਹੁਣ ਫੌਜ ’ਚ ਭਰਤੀ ਸਿਰਫ਼ 4 ਸਾਲਾਂ ਲਈ ਠੇਕੇ ’ਤੇ ਹੀ ਹੋਵੇਗੀ। ‘ਅਗਨੀਵੀਰ’ ਨਾਂ ਦੇ ਇਨ੍ਹਾਂ ਅਸਥਾਈ ਕਰਮਚਾਰੀਆਂ ਨੂੰ ਨਾ ਤਾਂ ਕੋਈ ਰੈਂਕ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਗਰੈਚੁਟੀ ਜਾਂ ਪੈਨਸ਼ਨ ਦਿੱਤੀ ਜਾਵੇਗੀ। ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ ਸਿਰਫ਼ ਇੱਕ ਚੌਥਾਈ ਨੂੰ ਹੀ ਫ਼ੌਜ ਵਿੱਚ ਪੱਕੀ ਨੌਕਰੀ ਦਿੱਤੀ ਜਾਵੇਗੀ। ਆਗੂਆਂ ਕਿਹਾ ਇਹ ਕੌਮੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ ਅਤੇ ਫੌਜ ਦੇ ਮਨੋਬਲ ’ਤੇ ਵੀ ਬੁਰਾ ਪ੍ਰਭਾਵ ਪਵੇਗਾ। ਇਹ ਪੱਕੀ ਭਰਤੀ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨਾਲ ਸਿੱਧਾ ਖਿਲਵਾੜ ਹੈ। ਕਿਸਾਨ ਪਰਿਵਾਰਾਂ ਲਈ ਫੌਜ ਦੀ ਨੌਕਰੀ ਇੱਜ਼ਤ ਅਤੇ ਆਰਥਿਕ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਬੁਲਾਰਿਆਂ ਮੰਗ ਕੀਤੀ ਕਿ ਅਗਨੀਪਥ ਸਕੀਮ ਨੂੰ ਤੁਰੰਤ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਇਸ ਸਕੀਮ ਤਹਿਤ ਭਰਤੀ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ। ਫੌਜ ਵਿੱਚ ਸਮੁੱਚੀਆਂ ਖਾਲੀ ਅਸਾਮੀਆਂ ’ਤੇ ਪਹਿਲਾਂ ਵਾਂਗ ਰੈਗੂਲਰ ਭਰਤੀ ਤੁਰੰਤ ਸ਼ੁਰੂ ਕੀਤੀ ਜਾਵੇ।ਅਗਨੀਪਥ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਨੌਜਵਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਵਾਪਸ ਲਏ ਜਾਣ ਅਤੇ ਅੰਦੋਲਨਕਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਵਰਗੀਆਂ ਸ਼ਰਤਾਂ ਹਟਾਈਆਂ ਜਾਣ। ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਉਪਰੰਤ ਰਾਸ਼ਟਰਪਤੀ ਤੇ ਕੇਂਦਰੀ ਸਰਕਾਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ।