ਕਣਕ ਦੀ ਢੋਆ-ਢੁਆਈ ਦੌਰਾਨ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਫੈਕਟਰੀ ਮਾਲਕ ਅਤੇ ਪਨਸਪ ਦੇ ਕੁੱਝ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਹੋਣ ਬਾਅਦ ਵੀ ਉਨ੍ਹਾਂ ਦੀ ਗ੍ਰਿਫ਼ਤਾਰ ਨਾ ਹੋਣ ਖ਼ਿਲਾਫ਼ ਅੱਜ ਜ਼ਿਲ੍ਹਾ ਕਚਹਿਰੀਆਂ ਵਿੱਚ ਪੁਲੀਸ ਖ਼ਿਲਾਫ਼ ਧਰਨੇ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਐੱਸ ਸੀ/ਐੱਸ ਟੀ ਐਕਟ ਦੀਆਂ ਧਾਰਾਵਾਂ ਲਗਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖਿਆਲਾ ਰੋਡ ’ਤੇ ਟਰੈਕਟਰ-ਟਰਾਲੀ ਵਿੱਚ ਕਣਕ ਢੋਹਣ ਵਾਲੇ ਦਲੇਲ ਸਿੰਘ ਵਾਲਾ ਦੇ ਨੌਜਵਾਨ ਗੁਰਜੰਟ ਸਿੰਘ ਉਰਫ਼ ਗੁਰਮੁੱਖ ਸਿੰਘ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਇਸ ਸਬੰਧੀ ਸਦਰ ਮਾਨਸਾ ਪੁਲੀਸ ਨੇ ਪਨਸਪ ਦੇ ਕੁੱਝ ਅਧਿਕਾਰੀਆਂ ਅਤੇ ਇੱਕ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮੌਕੇ ਦਲਿਤ ਦਾਸਤਾਨ ਵਿਰੋਧੀ ਅੰਦੋਲਨ ਦੇ ਆਗੂ ਜਗਸੀਰ ਸਿੰਘ ਸੀਰਾ ਅਤੇ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਨੌਜਵਾਨ ਦੇ ਕਤਲ ਕੇਸ ਦੇ ਮੁਲਜ਼ਮ ਅਜੇ ਤੱਕ ਪੁਲੀਸ ਵੱਲੋਂ ਫੜੇ ਨਹੀਂ ਗਏ ਹਨ। ਉਨ੍ਹਾਂ ਅਪੀਲ ਕੀਤੀ ਕਿ ਕਸੂਰਵਾਰਾਂ ਵਿਰੁੱਧ ਦੋਸ਼ਾਂ ਨੂੰ ਵਧਾ ਕੇ ਕਤਲ ਅਤੇ ਐੱਸ ਸੀ/ਐੱਸ ਟੀ ਐਕਟ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਜਾਣ।
ਡੀ ਐੱਸ ਪੀ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
ਡੀ ਐੱਸ ਪੀ ਬੂਟਾ ਸਿੰਘ ਗਿੱਲ ਨੇ ਧਰਨੇ ’ਚ ਪੁੱਜਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਮੁਲਤਵੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਮੁੜ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

