Protest: ਲਾਇਸੈਂਸ ਰੱਦ ਕਰਨ ਖ਼ਿਲਾਫ਼ Depo Holder Union ਦਾ Mansa ਵਿੱਚ ਧਰਨਾ
ਸਰਕਾਰ ’ਤੇ ਬਿਨਾਂ ਨੋਟਿਸ ਡਿਪੂ ਖੋਹਣ ਦਾ ਦੋਸ਼; ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਡਿਪੂ ਹੋਲਡਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਮਾਨਸਾ ਅੱਗੇ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਲਾਇਸੈਂਸ ਰੱਦ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਡਿਪੂ ਤੁਰੰਤ ਬਹਾਲ ਨਾ ਕੀਤੇ ਗਏ, ਤਾਂ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਧਰਨੇ ਨੂੰ ਸੰਬੋਧਨ ਕਰਦਿਆਂ ਡਿਪੂ ਹੋਲਡਰ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਰਿਉਂਦ ਨੇ ਕਿਹਾ ਕਿ ਸਾਲ 2020 ਅਤੇ 2021 ਵਿੱਚ ਸਰਕਾਰ ਵੱਲੋਂ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਡਿਪੂ ਅਲਾਟ ਕੀਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਬਿਨਾਂ ਕੋਈ ਸੂਚਨਾ, ਕਾਰਨ ਜਾਂ ਨੋਟਿਸ ਦਿੱਤੇ ਸੂਬੇ ਅੰਦਰ 1700 ਦੇ ਕਰੀਬ ਡਿਪੂ ਹੋਲਡਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਇਹ ਡਿਪੂ ਨਵੇਂ ਲੋਕਾਂ ਨੂੰ ਅਲਾਟ ਕਰ ਦਿੱਤੇ ਹਨ, ਜਿਸ ਕਾਰਨ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਡਿਪੂ ਹੋਲਡਰਾਂ ਦੇ ਲਾਇਸੈਂਸ ਖੋਹੇ ਗਏ ਹਨ, ਉਨ੍ਹਾਂ ਖ਼ਿਲਾਫ਼ ਰਾਸ਼ਨ ਵੰਡਣ ਵਿੱਚ ਨਾ ਤਾਂ ਕੋਈ ਗੜਬੜੀ ਦੀ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਵਿਭਾਗੀ ਜਾਂਚ ਪੈਂਡਿੰਗ ਸੀ। ਇਸ ਦੇ ਬਾਵਜੂਦ ਸਿਆਸੀ ਲਾਭ ਦੇਣ ਦੀ ਨੀਅਤ ਨਾਲ ਉਨ੍ਹਾਂ ਤੋਂ ਡਿਪੂ ਖੋਹੇ ਗਏ ਹਨ। ਇਸ ਮੌਕੇ ਤਾਰਾ ਸਿੰਘ ਛਾਜਲੀ, ਸਰਬਜੀਤ ਸਿੰਘ, ਸਿਮਰਜੀਤ ਸਿੰਘ ਭਸੌੜ, ਅਜੈਬ ਸਿੰਘ ਮਾਨ ਬੁਰਜ ਹਰੀ, ਰਣਜੀਤ ਸਿੰਘ ਬੁਢਲਾਡਾ, ਵਕੀਲ ਸਿੰਘ ਰੱਲੀ, ਚੇਤ ਸਿੰਘ ਅਕਲੀਆ ਤਲਵੰਡੀ, ਹਰਬੰਸ ਸਿੰਘ ਅਹਿਮਦਪੁਰ, ਨਿਰਮਲ ਸਿੰਘ ਝੰਡੂਕੇ ਤੇ ਹੋਰ ਹਾਜ਼ਰ ਸਨ।

