ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 23 ਜੂਨ
ਮਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪਿਛਲੇ ਲਗਭਗ 12-13 ਸਾਲ ਤੋਂ ਵਿਭਾਗ ਅਧੀਨ ਠੇਕਾ ਭਰਤੀ ’ਤੇ ਨੌਕਰੀ ਕਰ ਰਹੇ ਮਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਮਰਜ ਕਰ ਕੇ ਰੈਗੂਲਰ ਕਰਵਾਉਣ ਲਈ 18 ਜੂਨ ਤੋਂ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇੱਥੇ ਡੀਸੀ ਕੰਪਲੈਕਸ ’ਚ ਪੁੱਜੇ ਜ਼ਿਲ੍ਹੇ ਭਰ ਦੇ ਮੁਲਾਜ਼ਮਾਂ ਵੱਲੋਂ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਜਰਨਲ ਸਕੱਤਰ ਅੰਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੰਨੀ ਕੁਮਾਰ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮਨਰੇਗਾ ਤੋਂ ਇਲਾਵਾ ਹੜ੍ਹਾਂ ਦੀ ਸਮੱਸਿਆ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਰਬੱਤ ਵਿਕਾਸ ਯੋਜਨਾ, ਮਿਸ਼ਨ ਅਣਤੋਦਿਆ, ਆਟਾ-ਦਾਲ ਵੈਰੀਫਿਕੇਸ਼ਨ, ਚੋਣ ਡਿਊਟੀਆਂ ਅਤੇ ਕਰੋਨਾ ਦੌਰਾਨ ਐਮਰਜੈਂਸੀ ਡਿਊਟੀਆਂ ਵੀ ਮਨਰੇਗਾ ਮੁਲਾਜ਼ਮਾਂ ਬਿਨਾਂ ਕਿਸੇ ਵਾਧੂ ਲਾਭ ਲਏ ਡੱਟ ਕੇ ਕੀਤੀਆਂ ਹਨ। ਅੱਕੇ ਹੋਏ ਮੁਲਾਜ਼ਮਾਂ ਨੇ 18 ਜੂਨ ਤੋਂ ਮੁੜ ਆਪਣਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਵਿਭਾਗ ਦੇ ਆਲ੍ਹਾ ਅਧਿਕਾਰੀ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁਲਾਜ਼ਮਾਂ ਦੇ ਮਸਲੇ ਦਾ ਠੋਸ ਹੱਲ ਕਰਨ ਦੀ ਬਜਾਏ, ਆਊਟਸੋਰਸਿੰਗ ਭਰਤੀ ਕਰ ਕੇ ਅਤੇ ਉਧਾਰੇ ’ਤੇ ਮੁਲਾਜ਼ਮ ਲੈ ਕੇ ਮਨਰੇਗਾ ਮੁਲਾਜ਼ਮ ਦੀ ਹੜਤਾਲ ਕਾਰਨ ਠੱਪ ਪਏ ਵਿਕਾਸ ਕਾਰਜਾਂ ਨੂੰ ਕਰਵਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਭਾਗ ਵੱਲੋਂ ਜੋ ਆਊਟਸੋਰਸਿੰਗ ਭਰਤੀ ਕਰਨ ਦੇ ਮਾਰੂ ਪੱਤਰ ਜਾਰੀ ਕੀਤੇ ਗਏ ਹਨ, ਉਹ ਅੱਜ ਪੰਜਾਬ ਭਰ ਵਿੱਚ ਸਮੂਹ ਮਗਨਰੇਗਾ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰ ’ਤੇ ਪੱਤਰ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੇਕਰ ਮਨਰੇਗਾ ਮੁਲਾਜ਼ਮਾਂ ਦੀ ਸੁਣਵਾਈ ਕਰਨ ਦੀ ਬਜਾਏ ਇਸੇ ਤਰ੍ਹਾਂ ਝੂਠੇ ਲਾਰੇ ਲਾਏ ਗਏ ਤਾਂ ਇਸ ਸੰਘਰਸ਼ ਨੂੰ ਕਿਸੇ ਵੀ ਕੀਮਤ ’ਤੇ ਮੁਲਤਵੀ ਨਾ ਕਰ ਕੇ ਆਉਣ ਵਾਲੇ ਸ਼ੁੱਕਰਵਾਰ 26 ਜੂਨ ਹੈੱਡਕੁਆਟਰ ਮੁਹਾਲੀ ਵਿਕਾਸ ਭਵਨ ਦਾ ਘਿਰਾਉ ਕੀਤਾ ਜਾਵੇਗਾ। ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿਘ, ਖੂਈਆ ਸਰਵਰ ਬਲਾਕ ਖੇੇਮ ਚੰਦ, ਅਬੋਹਰ ਸੰਜੀਵ ਕੁਮਾਰ, ਸੁਖਵੀਰ, ਬਲਾਕ ਪ੍ਰਧਾਨ ਪਰਦੀਪ ਕੁਮਾਰ ਅਰਨੀਵਾਲਾ, ਸੰਦੀਪ, ਏ.ਪੀ.ੳ, ਗੋਰਵ, ਮਨੀਸ਼, ਕਰਨ, ਸਵਰਸ਼ਾ ਰਾਣੀ, ਵੀਨਸ, ਪ੍ਰਿਅੰਕਾ, ਸ਼ੀਤਲ, ਸ਼ਕਤੀ, ਭੁਪਿੰਦਰ ਕੌਰ, ਰਾਜੇਸ਼, ਅੰਕਿਤ, ਅਸ਼ੋਕ ਆਦਿ ਹਾਜ਼ਰ ਹੋਵੇ।