ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਦਸੰਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਸਿਰੀਏਵਾਲਾ ਦੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਬੱਚੀ ਦੇ ਦੋਸ਼ੀਆਂ ਅਤੇ ਇਲਾਕੇ ਵਿੱਚ ਲੋਕਾਂ ਨਾਲ ਕਥਿਤ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸੇਲਬਰਾਹ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਪਿੰਡ ਸਿਰੀਏਵਾਲਾ ਵਿੱਚ 11 ਸਾਲਾ ਮਾਸੂਮ ਬੱਚੀ ਦਾ ਪਿੰਡ ਦੇ ਇਕ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ, ਜਿਸ ਨੂੰ ਲੈ ਕੇ ਸਥਾਨਕ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਪੀੜਤ ਧਿਰ ‘ਤੇ ਹੀ ਧਾਰਾ 254 ਅਧੀਨ ਕੇਸ ਦਰਜ ਕਰ ਕੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪੁਲੀਸ ਤੇ ਪ੍ਰਸ਼ਾਸਨ ਦੇ ਮਾੜੇ ਰਵੱਈਏ ਦੀ ਤਿੱਖੀ ਆਲੋਚਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਪੀੜਤ ਪਰਿਵਾਰ ‘ਤੇ ਦਬਾਅ ਪਾਉਣਾ ਬੰਦ ਕਰੇ ਅਤੇ ਪੀੜਤ ਪਰਿਵਾਰ ‘ਤੇ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ।
ਬੀਕੇਯੂ (ਕ੍ਰਾਂਤੀਕਾਰੀ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਇਲਾਕੇ ਵਿੱਚ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਦੀ ਠੱਗੀ ਤੋਂ ਪੀੜਤ ਪਰਿਵਾਰ ਇਨਸਾਫ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਧਰਨਾਕਾਰੀਆਂ ਨੇ ਪੁਲੀਸ ਤੇ ਪ੍ਰਸ਼ਾਸਨ ਨੂੰ ਉਕਤ ਦੋਹਾਂ ਮਾਮਲਿਆਂ ਵਿੱਚ ਕਾਰਵਾਈ ਕਰਨ ਦਾ ਅਲਟੀਮੇਟਮ ਦੇਣ ਮਗਰੋਂ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਹਰਬੰਸ ਸਿੰਘ ਕੋਠਾਗੁਰੂ, ਬੂਟਾ ਬਾਜਵਾ, ਗੁਰਪ੍ਰੀਤ ਭਗਤਾ, ਰਿਤੇਸ਼ ਰਿੰਕੂ ਤੇ ਗੁਰਜੰਟ ਜੰਡਾਂਵਾਲਾ ਨੇ ਵੀ ਸੰਬੋਧਨ ਕੀਤਾ।