ਸੀਵਰੇਜ ਸਮੱਸਿਆ ਦੇ ਹੱਲ ਲਈ ਰੇਲਵੇ ਪੁਲ ’ਤੇ ਧਰਨਾ
ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਇੱਥੋਂ ਦੇ ਵੱਖ-ਵੱਖ ਵਾਰਡਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਸੀਵਰੇਜ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਇਲਾਕਾ ਨਿਵਾਸੀਆਂ ਦਾ ਸਬਰ ਅੱਜ ਟੁੱਟ ਗਿਆ। ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਨੇ ਰੇਲਵੇ ਪੁਲ ’ਤੇ ਧਰਨਾ ਦੇ ਕੇ ਆਵਾਜਾਈ ਜਾਮ ਕਰ ਦਿੱਤੀ। ਇਹ ਪ੍ਰਦਰਸ਼ਨ ਮੁੱਖ ਤੌਰ ’ਤੇ ਵਾਰਡ ਨੰਬਰ 16, ਹਾਕੇ ਰਾਮੇ ਵਾਲਾ ਅਤੇ ਬਸਤੀ ਨਿਜ਼ਾਮੂਦੀਨ ਦੇ ਨਿਵਾਸੀਆਂ ਵੱਲੋਂ ਰਿੰਕੂ ਗਰੋਵਰ ਅਤੇ ਯਾਕੂਬ ਭੱਟੀ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ।
ਧਰਨਾਕਾਰੀ ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਲੀਆਂ-ਨਾਲੀਆਂ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਦੇ ਕਈ ਹਿੱਸਿਆਂ ਵਿੱਚ ਨਿਕਾਸੀ ਨਾ ਹੋਣ ਕਾਰਨ ਹਾਲਾਤ ਬਦਤਰ ਹੋ ਚੁੱਕੇ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ, ਜਿਸ ਕਾਰਨ ਅੱਜ ਮਜਬੂਰ ਹੋ ਕੇ ਸੜਕਾਂ ’ਤੇ ਉਤਰਨਾ ਪਿਆ ਹੈ।
ਸਾਬਕਾ ਵਿਧਾਇਕ ਪਿੰਕੀ ਨੇ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਦੇਣ ਦੀ ਬਜਾਏ ਸਰਕਾਰ ਅਤੇ ਸਬੰਧਿਤ ਵਿਭਾਗ ਮੂਕ ਦਰਸ਼ਕ ਬਣਿਆ ਬੈਠਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ ਦੀ ਸਫ਼ਾਈ ਅਤੇ ਨਿਕਾਸੀ ਦਾ ਪੱਕਾ ਪ੍ਰਬੰਧ ਨਾ ਹੋਇਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖੇ ਰੂਪ ਵਿੱਚ ਪੂਰੇ ਸ਼ਹਿਰ ਵਿੱਚ ਫੈਲਾਇਆ ਜਾਵੇਗਾ। ਰੇਲਵੇ ਪੁਲ ‘ਤੇ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਮੌਕੇ ਸੁਖਵਿੰਦਰ ਸਿੰਘ ਅਟਾਰੀ, ਬਲਵੀਰ ਬਾਠ, ਰੁਪਿੰਦਰ ਭੁੱਲਰ, ਤੇਜਬੀਰ ਖਾਰਾ, ਬਲੀ ਸਿੰਘ, ਵਿਜੈ ਗੋਰਿਆ, ਗੱਬਰ ਐੱਮ ਸੀ, ਕਰਮਾ ਨੰਬਰਦਾਰ, ਕਾਕਾ ਗੋਇਲ, ਰਿਸ਼ੀ ਸ਼ਰਮਾ, ਰਜਿੰਦਰ ਸਿੱਪੀ, ਕਸ਼ਮੀਰ ਭੁੱਲਰ, ਸਤਨਾਮ ਐੱਮ ਸੀ, ਬਲਦੇਵ ਸਿੰਘ ਸਰਪੰਚ ਤੇ ਅਰੁਣ ਹਾਜ਼ਰ ਸਨ।

