Nagar Panchayat ਪ੍ਰਧਾਨ ਦੇ ਪਤੀ ਖ਼ਿਲਾਫ਼ ਮੁਜ਼ਾਹਰਾ
ਸਰਕਾਰੀ ਹਦਾਇਤਾਂ ਮੁਤਾਬਕ ਮਤਾ ਨਾ ਪਾਉਣ ਦਾ ਦੋਸ਼: ਮੰਗ ਨਾ ਮੰਨੇ ਜਾਣ ’ਤੇ ਹੜਤਾਲ ਦੀ ਚਿਤਾਵਨੀ
ਨਗਰ ਪੰਚਾਇਤ ਹੰਢਿਆਇਆ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਕਾਰਜ ਸਾਧਕ ਅਫਸਰ (ਈ ਓ) ਹਰਪ੍ਰੀਤ ਸਿੰਘ ਅਤੇ ਨਗਰ ਪੰਚਾਇਤ ਪ੍ਰਧਾਨ ਦੇ ਪਤੀ ਨਿਰੰਜਨ ਸਿੰਘ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਧਿਕਾਰੀ ਸਰਕਾਰੀ ਨੋਟੀਫਿਕੇਸ਼ਨ ਦੇ ਉਲਟ ਜਾ ਕੇ ਮਤਾ ਪਾਸ ਨਹੀਂ ਕਰ ਰਹੇ ਹਨ। ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਅਤੇ ਮੀਤ ਪ੍ਰਧਾਨ ਰਾਣੀ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਠੇਕੇ ਅਤੇ ਆਊਟਸੋਰਸ ਸਫ਼ਾਈ ਕਰਮਚਾਰੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਈ ਓ ਅਤੇ ਨਿਰੰਜਨ ਸਿੰਘ ਮੀਟਿੰਗ ਵਿੱਚੋਂ ਬਿਨਾਂ ਮਤਾ ਪਾਸ ਕੀਤੇ ਚਲੇ ਗਏ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਸਰਕਾਰੀ ਹੁਕਮਾਂ ਅਨੁਸਾਰ ਮਤਾ ਨਾ ਪਾਇਆ ਗਿਆ ਤਾਂ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਸਕੱਤਰ ਪੰਕਜ ਕੁਮਾਰ, ਨਿਖਿਲ ਕੁਮਾਰ, ਵਿਸ਼ਾਲ ਕੁਮਾਰ, ਰਵੀ ਕੁਮਾਰ ਸਾਗਰ ਬੰਧਨਾ ਪੂਜਾ, ਕ੍ਰਿਸ਼ਨਾ, ਸ਼ੇਖਰ ਕੁਮਾਰ, ਰਾਣੀ, ਸੁਨੀਤਾ, ਕਮਲਾ ਤੇ ਕਿਰਨਾ ਤੋਂ ਇਲਾਵਾ ਸਫ਼ਾਈ ਸੇਵਕ ਮੌਜੂਦ ਸਨ। ਇਸ ਸਬੰਧੀ ਨਗਰ ਪੰਚਾਇਤ ਹੰਢਿਆਇਆ ਦੀ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਿਰੰਜਨ ਸਿੰਘ ਨਾਲ ਗੱਲਬਾਤ ਕਰੀ ਤਾਂ ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਦੇ ਨਾਲ ਸਾਰੇ ਐੱਮ ਸੀ ਮੌਜੂਦ ਸਨ। ਸਾਰਿਆਂ ਦੀ ਮੌਜੂਦਗੀ ਵਿੱਚ ਸਰਕਾਰੀ ਹਦਾਇਤਾਂ ਅਨੁਸਾਰ ਪੰਜ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਅਤੇ 10-15 ਦਿਨਾਂ ਦੇ ਅੰਦਰ-ਅੰਦਰ ਆਊਟਸੋਰਸ ਸਫਾਈ ਸੇਵਕਾਂ ਨੂੰ ਕੰਟਰੈਕਟ ਵਿੱਚ ਕਰਨ ਦਾ ਮਤਾ ਪਾਸ ਕਰ ਦਿੱਤਾ ਜਾਵੇਗਾ।

