MLA Gurpreet Singh Banawali ਦਾ ਵਿਰੋਧ ਕਰਨ ਵਾਲੀ Congress ਮਹਿਲਾ ਆਗੂ ਨੂੰ ਥਾਣੇ ਡੱਕਣ 'ਤੇ ਰੋਸ
ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਇੱਕ ਸਮਾਗਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਹਰਵਿੰਦਰ ਕੌਰ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਥਾਣੇ ਬੰਦ ਕਰਨ ਖ਼ਿਲਾਫ਼ ਅੱਜ ਕਾਂਗਰਸ ਨੇ...
ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਇੱਕ ਸਮਾਗਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਹਰਵਿੰਦਰ ਕੌਰ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਥਾਣੇ ਬੰਦ ਕਰਨ ਖ਼ਿਲਾਫ਼ ਅੱਜ ਕਾਂਗਰਸ ਨੇ ਸਰਦੂਲਗੜ੍ਹ ਥਾਣੇ ਅੱਗੇ ਧਰਨਾ ਦਿੱਤਾ। ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਅਗਵਾਈ ਹੇਠ ਲਾਏ ਗਏ ਇਸ ਧਰਨੇ ਵਿੱਚ ਪੰਜਾਬ ਸਰਕਾਰ ’ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਭਾਜਪਾ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਬਿਕਰਮ ਸਿੰਘ ਮੋਫਰ ਨੇ ਦੋਸ਼ ਲਾਇਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋਂ ਮਹਿਲਾ ਪ੍ਰਧਾਨ ਹਰਵਿੰਦਰ ਕੌਰ ਨੂੰ ਥਾਣੇ ਬੰਦ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮਹਿਲਾ ਆਗੂ ਆਪਣੀ ਇੱਕ ਸਹਿਯੋਗੀ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਪੁੱਛਣ ਗਈ ਸੀ ਪਰ ਪੁਲੀਸ ਨੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਡੱਕ ਦਿੱਤਾ। ਮੋਫਰ ਨੇ ਦੋਸ਼ ਲਾਇਆ ਕਿ ਉਦਘਾਟਨੀ ਸਮਾਰੋਹ ਮੌਕੇ ‘ਆਪ’ ਦੇ ਸੀਨੀਅਰ ਆਗੂਆਂ ਨੇ ਮਹਿਲਾ ਆਗੂ ਨਾਲ ਗਾਲੀ-ਗਲੋਚ ਕੀਤੀ ਅਤੇ ਜਾਤੀ-ਸੂਚਕ ਸ਼ਬਦ ਵਰਤੇ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਭਾਰੀ ਦਬਾਅ ਪੈਣ ਉੱਤੇ ਪੁਲੀਸ ਨੇ ਮਹਿਲਾ ਆਗੂ ਨੂੰ ਰਿਹਾਅ ਕੀਤਾ। ਧਰਨੇ ਵਿੱਚ ਕਾਂਗਰਸ ਵਰਕਰਾਂ ਤੋਂ ਇਲਾਵਾ ਭਾਜਪਾ ਆਗੂ ਨਵਲ ਜੈਨ ਅਤੇ ‘ਵਾਰਿਸ ਪੰਜਾਬ ਦੇ’ ਆਗੂ ਜਸਵਿੰਦਰ ਸਿੰਘ ਭਾਊ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ।
ਮੇਰਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼: ਬਣਾਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਕਾਂਗਰਸ ਵੱਲੋਂ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਜਾਣ-ਬੁੱਝ ਕੇ ਚਿੱਕੜ ਉਛਾਲਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਤੋਂ ਸਰਕਾਰ ਦੇ ਵਿਕਾਸ ਕਾਰਜ ਬਰਦਾਸ਼ਤ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਵੱਡੇ ਕਾਂਗਰਸੀ ਆਗੂਆਂ ਨੂੰ ਖੁਸ਼ ਕਰਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਵਿਧਾਇਕ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਮਹਿਲਾ ਆਗੂ ਨੂੰ ਪੁਲੀਸ ਵੱਲੋਂ ਮਾਹੌਲ ਸੁਖਾਵਾਂ ਰੱਖਣ ਲਈ ਦੂਰ ਲਿਜਾਣ ਬਾਰੇ ਵੀ ਬਾਅਦ ਵਿੱਚ ਹੀ ਪਤਾ ਲੱਗਾ ਸੀ।

