ਮਾਦੂਰੋ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਪ੍ਰਦਰਸ਼ਨ
ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਮੁਲਾਜ਼ਮ ਜਥੇਬੰਦੀਆਂ ਨੇ ਰਾਸ਼ਟਰਪਤੀ ਅਗਵਾ ਕਰਨ ਦੀ ਨਿਖੇਧੀ ਕੀਤੀ
ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਡੇਮੈਕਰੈਰੇਟਿਕ ਮੁਲਾਜ਼ਮ ਫਰੰਟ ਨੇ ਅਮਰੀਕੀ ਫੌਜ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰਸ ਨੂੰ ਅਗਵਾ ਕਰਨ ਦੀ ਨਿਖੇਧੀ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਆਗੂ ਨੋਨਿਹਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਕੌਰ, ਸੁਖਬੀਰ ਸਿੰਘ ਨੇ ਕਿਹਾ ਕਿ ਵੈਨਜ਼ੂਏਲਾ ਵਿੱਚ ਤੇਲ ਦੇ ਸਰੋਤ ਮੌਜੂਦ ਹਨ, ਜਿਸ ’ਤੇ ਅਮਰੀਕੀ ਸਾਮਰਾਜ ਕਬਜ਼ਾ ਕਰਨ ਲਈ ਉਥੋਂ ਦੀ ਸਰਕਾਰ ’ਤੇ ਦਬਾਅ ਬਣਾ ਰਹੀ ਸੀ, ਪਰ ਰਾਸ਼ਟਰਪਤੀ ਮਾਦੂਰੋ ਅਮਰੀਕੀ ਧੌਂਸ ਨਹੀਂ ਮੰਨ ਰਿਹਾ ਸੀ ਜਿਸ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਇਕ ਦੇਸ਼ ਦੀ ਪ੍ਰਭੂਸੱਤਾ ਉਪਰ ਸਿੱਧਾ ਹਮਲਾ ਹੈ। ਪਹਿਲਾਂ ਵੀ ਅਮਰੀਕਾ ਵੱਲੋਂ ਅਫ਼ਨਿਸਤਾਨ, ਇਰਾਕ ਅਤੇ ਪਨਾਮਾ ਵਰਗੇ ਦੇਸ਼ਾਂ ਦੇ ਸਰੋਤਾਂ ’ਤੇ ਕਬਜ਼ਾ ਕਰਨ ਲਈ ਹਮਲੇ ਕਰਦਾ ਆ ਰਿਹਾ ਹੈ। ਆਗੂਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਭਾਰਤ ਸਰਕਾਰ ਨੇ ਅਮਰੀਕੀ ਸਰਕਾਰ ਦੀ ਧੌਂਸ ਮੰਨਦਿਆਂ ਰੂਸ ਤੋਂ ਤੇਲ ਖ਼ਰੀਦਣਾ ਘੱਟ ਕਰ ਦਿੱਤਾ ਹੈ ਅਤੇ ਇਸੇ ਤਰ੍ਹਾਂ ਹੀ ਵਪਾਰ ਮੁਕਤ ਸਮਝੌਤਾ ਵੀ ਕਰ ਸਕਦੀ ਹੈ, ਜੋ ਭਾਰਤੀ ਕਿਸਾਨੀ ਨੂੰ ਤਬਾਹ ਕਰ ਦੇਵੇਗਾ। ਇਸ ਲਈ ਸਾਮਰਾਜੀ ਤਾਕਤਾਂ ਦਾ ਵਿਰੋਧ ਕਰਨਾ ਕਿਰਤੀ ਲੋਕਾਂ ਦੀ ਹੀ ਜ਼ਿੰਮੇਵਾਰੀ ਹੈ। ਇਸ ਮੌਕੇ ਡੈਮੋਕਰੈਟਿਕ ਟੀਚਰ ਫਰੰਟ ਦੇ ਆਗੂ ਨਵਪ੍ਰੀਤ ਨਵੀ, ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਕਾਮਰੇਡ ਕੁਲਦੀਪ, ਮਿੱਡ-ਡੇਅ ਮੀਲ ਵਰਕਰ ਯੂਨੀਅਨ ਦੇ ਆਗੂ ਲਖਵਿੰਦਰ ਕੌਰ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਗੁਰਦਿਆਲ ਸਿੰਘ ਭੱਟੀ, ਅਭਿਨਵ ਸੋਢੀ ਨੇ ਵੀ ਸੰਬੋਧਨ ਕੀਤਾ।

