ਤਪਾ ਦੇ ਵਾਰਡ ਨੰਬਰ 15 ਅੰਦਰ ਆਉਂਦੀਆਂ ਦੋ ਗਲੀਆਂ ਨੂੰ ਤਿੰਨ ਵੱਖ-ਵੱਖ ਵਾਰਡਾਂ ਵਿੱਚ ਵੰਡਣ ਦੇ ਫ਼ੈਸਲੇ ਨੇ ਮੁਹੱਲਾ ਨਿਵਾਸੀਆਂ ਵਿੱਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ।
ਸੁਭਾਸ਼ ਗਲੀ ਅਤੇ ਅਗਰਵਾਲ ਕਲੋਨੀ ਵਾਸੀਆਂ ਗਗਨ ਬਾਂਸਲ, ਅਤੁਲ ਸਿੰਗਲਾ, ਪ੍ਰਵੀਨ ਸ਼ਰਮਾ ਅਤੇ ਇਸ਼ਾਂਤ ਗਰਗ ਨੇ ਕਿਹਾ ਕਿ ਇਹ ਵਾਰਡਬੰਦੀ ਬਿਨਾਂ ਕਿਸੇ ਢੰਗ ਦੀ ਯੋਜਨਾ ਅਤੇ ਜ਼ਮੀਨੀ ਹਕੀਕਤਾਂ ਸਮਝੇ ਬਗੈਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਵਿੱਚ ਜਾਣ ਕਾਰਨ ਇਨ੍ਹਾਂ ਗਲੀਆਂ ਦੇ ਵਾਸੀਆਂ ਨੂੰ ਤਿੰਨ ਵੱਖ-ਵੱਖ ਨਗਰ ਕੌਂਸਲਰਾਂ ਨਾਲ ਸੰਪਰਕ ਰੱਖਣਾ ਪਵੇਗਾ, ਜਿਸ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਗੁੰਝਲਦਾਰ ਹੋਵੇਗੀ। ਉਨ੍ਹਾਂ ਚਿੰਤਾ ਜਤਾਈ ਕਿ ਇਸ ਵਾਰਡਬੰਦੀ ਦਾ ਸਭ ਤੋਂ ਵੱਡਾ ਨੁਕਸਾਨ ਔਰਤਾਂ ਨੂੰ ਹੋਵੇਗਾ।
ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵਾਰਡਬੰਦੀ ਦੇ ਫ਼ੈਸਲੇ ’ਤੇ ਫੌਰੀ ਵਿਚਾਰ ਕੀਤਾ ਜਾਵੇ ਅਤੇ ਵਾਰਡਾਂ ਦੀਆਂ ਹੱਦਾਂ ਲੋਕਾਂ ਦੀ ਸਹੂਲਤ ਅਤੇ ਜ਼ਮੀਨੀ ਹਕੀਕਤਾਂ ਦੇ ਅਨੁਸਾਰ ਤੈਅ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਨਗਰ ਕੌਂਸਲ ਤਪਾ ਦੇ ਪ੍ਰਧਾਨ ਡਾ. ਸੋਨਿਕਾ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੌਂਸਲ ਦੇ ਈ ਓ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਵਾਰਡ ਦੀ ਵਾਰਡਬੰਦੀ ਬਾਰੇ ਮੁੜ ਵਿਚਾਰ ਕੀਤਾ ਜਾਵੇ। ਇਸ ਮੌਕੇ ਅਨਿਲ ਕੁਮਾਰ, ਹੇਮ ਰਾਜ ਭੂਤ, ਹਰਸ਼ ਗਰਗ, ਚੈਰਵ ਗਰਗ ਅਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

