ਨਗਰ ਪਰਿਸ਼ਦ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਜੁਲਾਈ
ਇਥੋਂ ਦੀ ਸ਼ਿਵਪੁਰੀ (ਸ਼ਮਸ਼ਾਨਘਾਟ) ਦੀ ਉਸਾਰੀ ’ਚ ਕਥਿਤ ਘਪਲੇ ਵਿਰੁੱਧ ਪਿਛਲੇ ਪੰਦਰਾਂ ਦਿਨਾਂ ਤੋਂ ਸਾਬਕਾ ਨਗਰ ਪਰਿਸ਼ਦ ਮੈਂਬਰ ਸੁਸ਼ੀਲ ਸੈਣੀ ਦੀ ਅਗਵਾਈ ਹੇਠ ਧਰਨਾ ਦੇ ਰਹੇ ਲੋਕਾਂ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦਾ ਨਗਰ ਪਰਿਸ਼ਦ ਦੇ ਮੁੱਖ ਗੇਟ ’ਤੇ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਸ਼ਿਵਪੁਰੀ ਤੋਂ ਨਗਰ ਪਰਿਸ਼ਦ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ।
ਸੁਸ਼ੀਲ ਨੇ ਕਿਹਾ ਕਿ ਨਗਰ ਪਰਿਸ਼ਦ ’ਚ ਪਿਛਲੇ ਕਈ ਸਾਲਾਂ ਤੋਂ ਵੱਡੇ ਪੱਧਰ ’ਤੇ ਘਪਲੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਵਪੁਰੀ ਦੇ ਨਿਰਮਾਣ ਲਈ ਨਗਰ ਪਰਿਸ਼ਦ ਵੱਲੋਂ 2.20 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਸ਼ਹਿਰ ਦੇ ਹੋਰ ਦਾਨੀਆਂ ਨੇ ਵੀ ਕੋਰੜਾਂ ਰੁਪਏ ਦਾ ਚੰਦਾ ਦਿੱਤਾ ਸੀ ਪਰ ਇਸ ’ਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਘੁਟਾਲਾ ਕੀਤਾ ਗਿਆ ਹੈ। ਸ਼ਿਵਪੁਰੀ ਰੋੜ ਦਾ ਕੰਮ ਵਿਚਾਲੇ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਗਰ ਪਰਿਸ਼ਦ ਵੱਲੋਂ ਕਰਵਾਏ ਕਏ ਕੰਮਾਂ ਦੀ ਜਾਂਚ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਉਧਰ ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਵੀ ਸ਼ਹਿਰ ਦੀਆਂ ਗਲੀਆਂ ਦੇ ਨਿਰਮਾਣ ਦੇ ਮਾਮਲੇ ’ਚ ਜਾਂਚ ਦੀ ਕਈ ਵਾਰ ਮੰਗ ਕਰ ਚੁੱਕੇ ਹਨ।