protest: ਜ਼ੱਚਾ ਦੀ ਮੌਤ ਮਗਰੋਂ ਪੀੜਤ ਪਰਿਵਾਰ ਨੇ ਹਸਪਤਾਲ ਅੱਗੇ ਧਰਨਾ ਲਾਇਆ
ਇੱਥੋ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ਸਥਿਤ ਪ੍ਰਾਈਵੇਟ ਹਸਪਤਾਲ ’ਚ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਮੌਤ ਹੋ ਗਈ। ਘਟਨਾ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਡਾਕਟਰ ’ਤੇ ਅਣਗਹਿਲੀ ਅਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਸੜਕ ’ਤੇ ਧਰਨਾ ਲਾ...
ਇੱਥੋ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ਸਥਿਤ ਪ੍ਰਾਈਵੇਟ ਹਸਪਤਾਲ ’ਚ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਮੌਤ ਹੋ ਗਈ। ਘਟਨਾ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਡਾਕਟਰ ’ਤੇ ਅਣਗਹਿਲੀ ਅਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਸੜਕ ’ਤੇ ਧਰਨਾ ਲਾ ਦਿੱਤਾ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (33) ਪਤਨੀ ਗੁਲਾਬ ਸਿੰਘ ਵਾਸੀ ਪਿੰਡ ਕੋਟਭਾਈ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਰਬਜੀਤ ਕੌਰ ਦਾ ਕਰੀਬ 11 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸ ਨੂੰ ਸ਼ਨਿਚਰਵਾਰ ਸਵੇਰੇ ਕਰੀਬ 10 ਵਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਸ਼ਾਮ ਕਰੀਬ 4.30 ਵਜੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਬੱਚਾ ਤਾਂ ਸੁਰੱਖਿਅਤ ਹੈ ਪਰ ਸਰਬਜੀਤ ਕੌਰ ਦੀ ਮੌਤ ਹੋ ਗਈ। ਗੁਲਾਬ ਸਿੰਘ ਨੇ ਦੱਸਿਆ ਕਿ ਡਿਲਿਵਰੀ ਤੋਂ ਤੁਰੰਤ ਬਾਅਦ ਡਾਕਟਰ ਮਰੀਜ਼ ਨੂੰ ਕਥਿਤ ਤੌਰ ’ਤੇ ਨਰਸਾਂ ਸਹਾਰੇ ਛੱਡ ਕੇ ਚਲੀ ਗਈ। ਕੁਝ ਸਮੇਂ ਬਾਅਦ ਨਰਸਾਂ ਨੇ ਖ਼ੂਨ ਦੀ ਘਾਟ ਦਾ ਬਹਾਨਾ ਬਣਾ ਕੇ ਖ਼ੂਨ ਲਿਆਉਣ ਲਈ ਕਿਹਾ, ਜਦੋਂਕਿ ਦਾਖ਼ਲ ਕਰਨ ਸਮੇਂ ਔਰਤ ਵਿੱਚ 11 ਗਰਾਮ ਖ਼ੂਨ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਡਾਕਟਰੀ ਅਣਗਹਿਲੀ ਅਤੇ ਸਮੇਂ ਸਿਰ ਢੁੱਕਵਾਂ ਇਲਾਜ ਨਾ ਮਿਲਣ ਕਾਰਨ ਜ਼ਿਆਦਾ ਖ਼ੂਨ ਵਹਿ ਜਾਣ ਕਰ ਕੇ ਸਰਬਜੀਤ ਕੌਰ ਦੀ ਰਾਤ ਸਮੇਂ ਮੌਤ ਹੋ ਗਈ।
ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਾਕਟਰ ਖ਼ਿਲਾਫ਼ ਤੁਰੰਤ ਲਾਪਰਵਾਹੀ ਅਤੇ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਲਾਇਸੈਂਸ ਰੱਦ ਕੀਤਾ ਜਾਵੇ। ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ, ਧਰਨਾ ਜਾਰੀ ਰਹੇਗਾ। ਪਰਿਵਾਰ ਨੇ ਕਾਰਵਾਈ ਹੋਣ ਤੱਕ ਲਾਸ਼ ਦੇ ਸਸਕਾਰ ਤੋਂ ਇਨਕਾਰ ਕਰ ਦਿੱਤਾ ਹੈ। ਲਾਸ਼ ਹਾਲੇ ਹਸਪਤਾਲ ’ਚ ਹੀ ਪਈ ਹੈ।
ਮੈਡੀਕਲ ਰਿਪੋਰਟ ਉਪਰੰਤ ਹੋਵੇਗੀ ਕਾਰਵਾਈ: ਪੁਲੀਸ
ਥਾਣਾ ਸਦਰ ਮੁਖੀ ਹਰਪ੍ਰੀਤ ਸਿੰਘ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਡਾਕਟਰਾਂ ਦਾ ਪੈਨਲ ਤਿਆਰ ਕਰਵਾਇਆ ਜਾਵੇਗਾ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਲਾਜ ਸਹੀ ਹੋਇਆ: ਡਾਕਟਰ
ਧੰਨਾ ਸਿੰਘ ਹੋਮ ਦੀ ਡਾਕਟਰ ਕਵਿਤਾ ਗਾਵੜੀ ਨੇ ਕਿਹਾ ਕਿ ਸਰਬਜੀਤ ਕੌਰ ਦੀ ਉਨ੍ਹਾਂ ਦੇ ਹਸਪਤਾਲ ’ਚ ਡਿਲਿਵਰੀ ਹੋਈ ਸੀ। ਉਸ ਦਾ ਸਹੀ ਇਲਾਜ ਹੋਇਆ ਸੀ ਪਰ ਖ਼ੂਨ ਜ਼ਿਆਦਾ ਵਗਣ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

