ਪੰਜਾਬ ਦਿਵਸ ਮੌਕੇ ਪੰਜਾਬੀ ਭਾਸ਼ਾ ਦਾ ਪ੍ਰਚਾਰ
ਨਿਊ ਪੰਜਾਬ ਡੇਅ ਦੇ ਸਬੰਧ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿਚ ਲੱਗੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੀ ਅਗਵਾਈ ’ਚ ਸਹਿਕਾਰੀ ਸਭਾਵਾਂ ਦਫਤਰ ਬਹਿਣੀਵਾਲ ਵਿਖੇ ਕਿਸਾਨਾਂ, ਵਿਦਿਆਰਥੀਆਂ, ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਇਕ ਸਮਾਗਮ ਦਾ ਕਰਵਾਇਆ ਗਿਆ।ਹਰਪ੍ਰੀਤ ਸਿੰਘ ਬਹਿਣੀਵਾਲ ਨੇ ਮੌਕੇ ’ਤੇ ਮੌਜੂਦ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਪੰਜਾਬੀ 41 ਅੱਖਰੀ ਫੱਟੀ ਦੇਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕਦੇ ਵੀ ਪੰਜਾਬੀ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਕਿਸਾਨੀ ਤੇ ਮਿਹਨਤਕਸ਼ ਲੋਕਾਂ ਦਾ ਜ਼ਿਕਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਦੇ ਖੂਨ ਅਤੇ ਪੰਜਾਬ ਦੀ ਧਰਤੀ ਵਿਚ ਰਚਿਆ ਹੋਇਆ ਹੈ। ਇਸ ਦੌਰਾਨ ਸਹਿਕਾਰੀ ਸਭਾਵਾਂ ਬਹਿਣੀਵਾਲ, ਧਿੰਗੜ, ਚਹਿਲਾਂਵਾਲਾ ਦੀ ਸੁਪ੍ਰੀਤ ਕੌਰ ਅਤੇ ਬੈਂਕ ਮੈਨੇਜਰ ਹਰਦੀਪ ਕੌਰ ਨੇ ਕਿਹਾ ਪੰਜਾਬੀ ਨੇ ਪੰਜਾਬ ਹੀ ਨਹੀਂ, ਦੇਸ਼ਾਂ, ਵਿਦੇਸ਼ਾਂ ਅਤੇ ਹੋਰ ਸੂਬਿਆਂ ਦੀ ਧਰਤੀ ’ਤੇ ਵੀ ਆਪਣੀ ਮਿਠਾਸ ਬਿਖੇਰੀ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਬਹਿਣੀਵਾਲ ਦਾ ਇਹ ਯਤਨ ਅਤੇ ਸੇਵਾ ਅਣਮੁੱਲੀ ਹੈ, ਆਪਣੀ ਬੋਲੀ ਦੇ ਪ੍ਰਚਾਰ, ਪਸਾਰ ਲਈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
