ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ
ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮਾਨਸਾ ਦਾ ਡੈਲੀਗੇਟ ਇਜਲਾਸ ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਜਲਾਸ ਦੌਰਾਨ ਜਸਵੰਤ ਸਿੰਘ ਬੀਰੋਕੇ ਜ਼ਿਲ੍ਹਾ ਪ੍ਰਧਾਨ ਅਤੇ ਅਮਰਜੀਤ ਸਿੰਘ ਸਿੱਧੂ ਜ਼ਿਲ੍ਹਾ ਸਕੱਤਰ ਚੁਣੇ ਗਏ। ਸਮਾਗਮ ਦੀ ਪ੍ਰਧਾਨਗੀ ਦਰਸ਼ਨ ਸਿੰਘ ਧਲੇਵਾਂ ਨੇ ਕੀਤੀ।
ਸਭਾ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਕੁਦਰਤੀ ਸੋਮੇ ਲੁਟਾ ਰਹੀ ਹੈ, ਜਿਸ ਕਰਕੇ ਦੇਸ਼ ਦੀ ਆਰਥਿਕਤਾ ਤਬਾਹ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਖ਼ਤਮ ਕਰਨ ਲਈ ਸਰਕਾਰ ਨਿੱਤ ਦਿਨ ਲੋਕ ਵਿਰੋਧੀ ਫੈਸਲੇ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਲੀਹ ’ਤੇ ਚੱਲ ਰਹੀ ਹੈ ਅਤੇ ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ’ਤੇ ਦਬਾਉਣਾ ਚਾਹੁੰਦੀ ਹੈ ਜਦਕਿ ਕੇਂਦਰ ਦੀਆਂ ਨੀਤੀਆਂ ਇੰਨ-ਬਿੰਨ ਲਾਗੂ ਕਰ ਰਹੀ ਹੈ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਤੋਂ ਬਿਨਾਂ ਹੋਰ ਕੋਈ ਚਾਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀ ਜਿਣਸਾਂ ਦੀ ਖਰੀਦ ਲਈ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਅਤੇ ਕਿਰਤੀਆਂ-ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ।
ਇਸੇ ਦੌਰਾਨ 13 ਮੈਂਬਰੀ ਨਵੀਂ ਜ਼ਿਲਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਜਸਵੰਤ ਸਿੰਘ ਬੀਰੋਕੇ ਜ਼ਿਲ੍ਹਾ ਪ੍ਰਧਾਨ, ਸਕੱਤਰ ਅਮਰਜੀਤ ਸਿੰਘ ਸਿੱਧੂ, ਮੀਤ ਪ੍ਰਧਾਨ ਦਰਸ਼ਨ ਸਿੰਘ ਧਲੇਵਾਂ, ਮੀਤ ਸਕੱਤਰ ਹਰਜਿੰਦਰ ਸਿੰਘ ਬਰੇਟਾ, ਵਿੱਤ ਸਕੱਤਰ ਸਵਰਨਜੀਤ ਸਿੰਘ ਦਲਿਓ, ਜਗਦੇਵ ਸਿੰਘ ਢੈਪਈ, ਅਵਤਾਰ ਸਿੰਘ ਛਾਪਿਆਂਵਾਲੀ, ਹਰਦੇਵ ਸਿੰਘ ਖੀਵਾ ਤੇ ਨਛੱਤਰ ਸਿੰਘ ਢੈਪਈ ਮੈਂਬਰ ਚੁਣੇ ਗਏ।
