ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 17 ਜੂਨ
ਪਿਛਲੇ ਪੰਜ ਮਹੀਨਿਆਂ ਤੋਂ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਟੇਢੀ ਖੀਰ ਬਣੀ ਚੋਣ ਹੁਣ 18 ਜੂਨ ਸਵੇਰੇ 11 ਵਜੇ ਨਗਰ ਕੌਂਸਲ ਦਫ਼ਤਰ ’ਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਮੌਜੂਦਗੀ ਵਿਚ ਸਮਾਪਤ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਕੌਂਸਲ ਦਫ਼ਤਰ ਤੇ ਉਪ ਮੰਡਲ ਮੈਜਿਸਟਰੇਟ ਦਫ਼ਤਰੀ ਕੰਪਲੈਕਸ ਦੇ ਆਲੇ ਦੁਆਲੇ ਧਾਰਾ 144 ਲਗਾਉਣ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੌਂਸਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਿਛਲੇ ਸਮੇਂ ਤੋਂ ਕਾਂਗਰਸ ਇਥੇ ਦੋ ਧੜਿਆਂ ਵਿਚਕਾਰ ਵੰਡੀ ਹੋਈ ਹੈ। ਪਾਰਟੀ ਦੇ ਇਕ ਧੜੇ ਵੱਲੋਂ ਕੌਂਸਲਰਾਂ ਨੂੰ ਪਿਛਲੇ ਕਈ ਦਿਨਾਂ ਤੋਂ ਗੁਪਤ ਥਾਵਾਂ ’ਤੇ ਰੱਖਿਆ ਗਿਆ ਜਦੋਂਕਿ ਦੂਜੇ ਪਾਸੇ ਇਕ ਧੜਾ ਚੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰਧਾਨਗੀ ਲਈ ਵਾਰਡ ਨੰਬਰ 6 ਤੋਂ ਕੌਂਸਲਰ ਭੁਪਿੰਦਰ ਸੱਗੂ ਦਾ ਨਾਂ ਵਿਚਾਰਿਆ ਜਾ ਰਿਹਾ ਹੈ, ਜਦੋਂਕਿ ਸੀਨੀਅਰ ਵਾਈਸ ਪ੍ਰਧਾਨ ਲਈ ਸਵਤੰਤਰ ਜੋਸ਼ੀ ਚਿਹਰਾ ਬਣ ਕੇ ਉਭਰ ਰਹੇ ਹਨ। ਐੱਸਡੀਐੱਮ ਅਤੇ ਚੋਣ ਕਨਵੀਨਰ ਮੇਜਰ ਅਮਰਿੰਦਰ ਸਿੰਘ ਟਿਵਾਣਾ ਅਨੁਸਾਰ ਅਦਾਲਤ ਦੇ ਆਦੇਸ਼ ਤਹਿਤ ਵੋਟਿੰਗ ਪ੍ਰਣਾਲੀ ਵਰਤੀ ਜਾਵੇਗੀ। ਹਾਲਾਂਕਿ ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਇਨ੍ਹਾਂ ਤਿੰਨਾਂ ਅਹਿਮ ਅਹੁੱਦਿਆਂ ਲਈ ਨਾਂ ਵਾਲੀ ਸੂਚੀ ਮੰਤਰੀ ਦੀ ਜੇਬ ਵਿੱਚੋਂ ਪਾਰਟੀ ਹਾਈਕਮਾਂਡ ਵੱਲੋਂ ਭੇਜੇ ਲਿਫਾਫੇ ’ਚੋਂ ਨਿਕਲ ਸਕਦੀ ਹੈ। ਉਧਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਜੇ ਕਾਂਗਰਸ ਪਾਰਟੀ ਨੇ ਲਿਫਾਫਾ ਕਲਚਰ ਵਰਤਿਆਂ ਤਾਂ ਉਹ ਇਸ ਦਾ ਸਖ਼ਤ ਵਿਰੋਧ ਕਰਨਗੇ।
ਵਿਰੋਧੀ ਧਿਰ ਦੇ 8 ਕੌਂਸਲਰਾਂ ਨੂੰ ਅਜੇ ਤੱਕ ਸਹੁੰ ਨਹੀਂ ਚੁਕਾਈ
ਤਪਾ ਮੰਡੀ (ਸੀ ਮਾਰਕੰਡਾ): ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਰਲੋਚਨ ਬਾਂਸਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਬਾਂਸਲ (ਦੋਵੇਂ ਕੌਂਸਲਰ) ਨੇ ਦੱਸਿਆ ਕਿ ਨਗਰ ਕੌਂਸਲ ਦੇ 15 ਕੌਂਸਲਰਾਂ ਵਿੱਚੋਂਂ ਉਨ੍ਹਾਂ ਦੀ ਧਿਰ ਦੇ 8 ਕੌਂਸਲਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਸਹੁੰ ਨਹੀਂ ਚੁਕਵਾਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ 6 ਕੌਂਸਲਰਾਂ ਸਣੇ 1 ਆਜ਼ਾਦ ਮਹਿਲਾ ਕੌਂਸਲਰ ਸਮੇਤ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਆਪਣੀ ਵੋਟ ਦੀ ਵਰਤੋਂ ਕਰਦਿਆਂ 20 ਅਪਰੈਲ ਨੂੰ ਅਨਿਲ ਕੁਮਾਰ ਕਾਲਾ ਭੂਤ ਨੂੰ ਪ੍ਰਧਾਨ ਅਤੇ ਡਾ. ਸੋਨਿਕਾ ਨੂੰ ਮੀਤ ਪ੍ਰਧਾਨ ਚੁਣ ਕੇ ਨਗਰ ਕੌਂਸਲ ’ਤੇ ਕਬਜ਼ਾ ਕਰਵਾ ਦਿੱਤਾ ਸੀ। ਨਗਰ ਕੌਂਸਲ ਤਪਾ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ