ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਨੋਆ ਨੂੰ ਕਣਕ ਦੇ ਬਦਲ ਵਜੋਂ ਉਤਸ਼ਾਹਿਤ ਕਰਨ ਦੀ ਤਿਆਰੀ

ਖਾਰੇ ਪਾਣੀ ਵਾਲੇ ਖੇਤਰ ਦੇ ਕਿਸਾਨਾਂ ਲਈ ਆਸ ਦੀ ਕਿਰਨ ਜਾਗੀ
ਬਠਿੰਡਾ ਖੋਜ ਕੇਂਦਰ ਵਿੱਚ ਕਿਨੋਆ ਦੀ ਫ਼ਸਲ ਬਾਰੇ ਜਾਣਕਾਰੀ ਦਿੰਦੇ ਹੋਏ ਵਿਗਿਆਨੀ।
Advertisement

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਖੋਜ ਕੇਂਦਰ ਨੇ ਕਿਨੋਆ ਦੀ ਫ਼ਸਲ ਮਾਲਵਾ ਖੇਤਰ ਵਿੱਚ ਉਤਸ਼ਾਹਿਤ ਕਰਨ ਦੀ ਤਿਆਰੀ ਖਿੱਚ ਲਈ ਹੈ। ਇਹ ਫ਼ਸਲ ਖਾਰੇ ਤੇ ਘੱਟ ਪਾਣੀ ਵਾਲੇ ਖੇਤਰ ਦੇ ਕਿਸਾਨਾਂ ਲਈ ਆਸ ਦੀ ਕਿਰਨ ਹੈ। ਖੋਜ ਕੇਂਦਰ ਦੇ ਵਿਗਿਆਨੀ ਡਾ. ਅਨੁਰੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਕਿਨੋਆ ਪੌਸ਼ਟਿਕ ਤੇ ਗਲੂਟਨ ਮੁਕਤ ਅਨਾਜ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੈ ਅਤੇ ਹਾਈ ਪ੍ਰੋਟੀਨ ਦਾ ਵਧੀਆ ਸਰੋਤ ਹੈ। ਇਸ ਅਨਾਜ ਨੂੰ ਮਨੁੱਖੀ ਸਿਹਤ ਲਈ ਵਰਦਾਨ ਮੰਨਿਆ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਿਨੋਆ ਦੀ ਫ਼ਸਲ ਨਵੰਬਰ ਮਹੀਨੇ ਵਿੱਚ ਕਣਕ ਦੇ ਸੀਜ਼ਨ ਦੌਰਾਨ ਹੀ ਬੀਜੀ ਜਾਂਦੀ ਹੈ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਇਸ ਦੀ ਕਟਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਝਾੜ ਔਸਤਨ ਪ੍ਰਤੀ ਏਕੜ 10 ਤੋਂ 12 ਕੁਇੰਟਲ ਰਹਿੰਦਾ ਹੈ। ਇਸ ਦਾ ਬਾਜ਼ਾਰੀ ਭਾਅ 200 ਤੋਂ 300 ਰੁਪਏ ਕਿੱਲੋ ਹੈ। ਵਿਗਿਆਨੀਆਂ ਨੇ ਦੱਸਿਆ ਕਿ ਬਠਿੰਡਾ ਅਤੇ ਦੱਖਣੀ ਮਾਲਵਾ ਖੇਤਰਾਂ ਵਿੱਚ ਇਸ ਦੇ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਡਾ. ਧਾਲੀਵਾਲ ਨੇ ਦੱਸਿਆ ਕਿ 17 ਤੋਂ 21 ਨਵੰਬਰ ਤੱਕ ਖੋਜ ਕੇਂਦਰ ’ਚ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ ਹੈ, ਜਿੱਥੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਗੁਣਵੱਤਾ ਵਾਲੇ ਬੀਜ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖ਼ੋਜ ਕੇਂਦਰ ਵਿੱਚ ਉਨ੍ਹਾਂ ਦੀ ਟੀਮ ਨੇ ਕਿਨੋਆ ਦਾ ਆਟਾ, ਬਰੈੱਡ, ਬਿਸਕੁਟ ਅਤੇ ਦਲੀਆ ਤਿਆਰ ਕੀਤਾ ਹੈ। ਇਸ ਬਾਰੇ ਔਰਤਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦੇ ਵਿਗਿਆਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਕਿਨੋਆ ਦੀ ਫ਼ਸਲ ਬਾਥੂ ਵਰਗੀ ਹੈ। ਇਸ ਵਿੱਚ 14 ਤੋਂ 16 ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਨੋਆ ਵਿੱਚ ਪ੍ਰੋਟੀਨ, ਫਾਈਬਰ ਅਤੇ ਲੋਹਾ ਭਰਭੂਰ ਮਾਤਰਾ ਵਿੱਚ ਹੁੰਦਾ ਹੈ, ਜਿਸ ਕਰਕੇ ਇਸ ਨੂੰ ‘ਸੁਪਰ ਫੂਡ’ ਕਿਹਾ ਜਾਂਦਾ ਹੈ। ਡਾ. ਅਨੁਰੀਤ ਦਾ ਕਹਿਣਾ ਹੈ ਕਿ ਕਣਕ ਦੇ ਬਦਲ ਵਜੋਂ ਕਿਨੋਆ ਦੀ ਫ਼ਸਲ ਨੂੰ ਦੱਖਣੀ ਪੰਜਾਬ ਵਿੱਚ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਡਾ. ਅਨੂਰੀਤ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2024 ਤੋਂ 2027 ਤੱਕ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਕਿਸਾਨਾਂ ਨੇ ਕਿਨੋਆ ਦੀ ਖੇਤੀ ਵਿੱਚ ਰੁਚੀ ਦਿਖਾਈ ਤਾਂ ਇਹ ਕਣਕ ਦਾ ਚੰਗਾ ਬਦਲ ਸਾਬਤ ਹੋ ਸਕਦੀ ਹੈ।

Advertisement
Advertisement
Show comments