ਬਠਿੰਡਾ ’ਚ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਦੀਆਂ ਤਿਆਰੀਆਂ ਜ਼ੋਰਾਂ ’ਤੇ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਜੂਨ
ਗੁਰੂ ਗੋਬਿੰਦ ਸਿੰਘ ਦੇ ਬਠਿੰਡਾ ਆਗਮਨ ਪੁਰਬ ਦੇ ਸਬੰਧ ’ਚ ਸ਼ਹਿਰ ਅੰਦਰ ਤਿਆਰੀਆਂ ਜ਼ੋਰਦਾਰ ਢੰਗ ਨਾਲ ਚੱਲ ਰਹੀਆਂ ਹਨ। ਗੌਰਤਲਬ ਹੈ ਕਿ 21 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਬਠਿੰਡਾ ਪਧਾਰੇ ਸਨ।
ਇਹ ਜਾਣਕਾਰੀ ਭਾਈ ਘਨ੍ਹੱਈਆ ਸੇਵਕ ਦਲ ਗੁਰਦੁਆਰਾ ਸ਼ਬਦ ਚੌਕੀ ਕਿਲਾ ਸਾਹਿਬ ਦੇ ਮੈਂਬਰ ਭਾਈ ਦਵਿੰਦਰ ਸਿੰਘ ਰਾਜਾ, ਭਾਈ ਉਪਕਾਰ ਸਿੰਘ, ਭਾਈ ਪਾਲੀ ਸਿੰਘ ਅਤੇ ਸੁਖਦੇਵ ਸਿੰਘ ਕਾਲਾ ਨੇ ਮੀਡੀਆ ਨੂੰ ਦਿੰਦਿਆਂ ਦੱਸਿਆ ਕਿ ਇੱਥੇ ਗੁਰਦੁਆਰਾ ਹਾਜ਼ੀ ਰਤਨ ਅਤੇ ਗੁਰਦੁਆਰਾ ਕਿਲਾ ਮੁਬਾਰਕ ਵਿੱਚ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਦੇ ਭੋਗ 21 ਜੂਨ ਨੂੰ ਪਾਏ ਜਾਣਗੇ।
ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਸਵੇਰੇ 5 ਵਜੇ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਪ੍ਰਭਾਤ ਫੇਰੀ ਚੱਲ ਕੇ ਗੁਰਦੁਆਰਾ ਕਿਲ੍ਹਾ ਸਾਹਿਬ ਵਿਖੇ ਪਹੁੰਚੇਗੀ ਅਤੇ 8 ਵਜੇ ਤੱਕ ਰਾਗੀ ਸਿੰਘ ਸੰਗਤਾਂ ਨੂੰ ਸ਼ਬਦਾਂ ਦੇ ਗਾਇਣ ਰਾਹੀਂ ਨਿਹਾਲ ਕਰਨਗੇ। 21 ਜੂਨ ਸ਼ਾਮ ਨੂੰ 7 ਤੋਂ 10 ਵਜੇ ਤੱਕ ਗੁਰਮਿਤ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਵੈਰ ਸਿੰਘ ਸੰਗਤ ਨੂੰ ਸ਼ਬਦ ਨਾਲ ਜੋੜਨਗੇ। ਇਸ ਤੋਂ ਇਲਾਵਾ ਭਾਈ ਸਿਮਰਨਜੀਤ ਸਿੰਘ ਢਹਾਣਾ ਅਕੱਥ ਕਥਾ ਅਤੇ ਸਿਮਰਨ ਨਾਲ ਸੰਗਤ ਨੂੰ ਨਿਹਾਲ ਕਰਨਗੇ।