Civil Hospital Negligence: ਹਸਪਤਾਲ ’ਚ ਗਰਭਵਤੀ ਔਰਤ ਨੂੰ ਫਰਸ਼ ’ਤੇ ਪਾਇਆ
ਬੈੱਡ ਦੀ ਘਾਟ ਦਾ ਹਵਾਲਾ ਦਿੱਤਾ; ਪਰਿਵਾਰ ਨੇ ਡਾਕਟਰਾਂ ’ਤੇ ਇਲਾਜ ਨਾ ਕਰਨ ਦਾ ਦੋਸ਼ ਲਾਇਆ
ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਗਰਭਵਤੀ ਔਰਤ ਨੂੰ ਫਰਸ਼ ’ਤੇ ਪੈਣਾ ਪਿਆ। ਪਿੰਡ ਮਸਤੇ ਕੇ ਦੀ ਰਹਿਣ ਵਾਲੀ ਇਹ ਔਰਤ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹੈ, ਪਰ ਉਸ ਦਾ ਇਲਾਜ ਤਾਂ ਦੂਰ, ਉਸਨੂੰ ਬੈੱਡ ਤੱਕ ਨਸੀਬ ਨਹੀਂ ਹੋਇਆ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਨੇ ਪਹਿਲੇ ਦਿਨ ਤਾਂ ਔਰਤ ਨੂੰ ਬੈੱਡ ਦਿੱਤਾ, ਪਰ ਬਾਅਦ ਵਿੱਚ ਇਹ ਕਹਿ ਕੇ ਉਠਾ ਦਿੱਤਾ ਕਿ ਇਸ ਬੈੱਡ ’ਤੇ ਕਿਸੇ ਹੋਰ ਮਰੀਜ਼ ਨੂੰ ਗੁਲੂਕੋਜ਼ ਲਾਉਣਾ ਹੈ। ਇਸ ਤੋਂ ਬਾਅਦ ਛੇ ਮਹੀਨਿਆਂ ਦੀ ਗਰਭਵਤੀ ਔਰਤ ਪਿਛਲੇ ਦੋ ਦਿਨਾਂ ਤੋਂ ਫਰਸ਼ ’ਤੇ ਲੇਟਣ ਲਈ ਮਜਬੂਰ ਹੈ। ਹਾਲਤ ਇੰਨੀ ਮਾੜੀ ਸੀ ਕਿ ਉਸਨੇ ਆਪਣੀਆਂ ਚੱਪਲਾਂ ਨੂੰ ਹੀ ਸਿਰਹਾਣਾ ਬਣਾ ਕੇ ਰਾਤ ਗੁਜ਼ਾਰੀ। ਪਰਿਵਾਰ ਨੇ ਡਾਕਟਰਾਂ ’ਤੇ ਇਲਾਜ ਨਾ ਕਰਨ ਦਾ ਦੋਸ਼ ਵੀ ਲਾਇਆ ਹੈ।
ਦੂਜੇ ਪਾਸੇ, ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਮੰਨਿਆ ਕਿ ਹਸਪਤਾਲ ਵਿੱਚ ਬੈੱਡਾਂ ਦੀ ਕਾਫ਼ੀ ਕਿੱਲਤ ਹੈ ਅਤੇ ਏ ਸੀ-ਪੱਖੇ ਵੀ ਠੀਕ ਢੰਗ ਨਾਲ ਕੰਮ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਇਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਮੀਡੀਆ ਦੇ ਦਖ਼ਲ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਦੇਰ ਸ਼ਾਮ ਔਰਤ ਨੂੰ ਬੈੱਡ ਮੁਹੱਈਆ ਕਰਵਾਇਆ ਗਿਆ।
ਮਰੀਜ਼ਾਂ ਦੀ ਗਿਣਤੀ ਵਧਣ ਕਰ ਕੇ ਦਿੱਕਤ ਆਈ: ਐੱਸ ਐੱਮ ਓ
ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ (ਐੱਸ ਐੱਮ ਓ) ਡਾ. ਨਿਖਿਲ ਗੁਪਤਾ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਰ ਕੇ ਬੈੱਡ ਦੀ ਦਿੱਕਤ ਆ ਰਹੀ ਹੈ, ਪਰ ਉਨ੍ਹਾਂ ਵੱਲੋਂ ਇਹ ਸਾਰਾ ਮਾਮਲਾ ਸਿਵਲ ਸਰਜਨ ਦੇ ਧਿਆਨ ਵਿੱਚ ਲਿਆਂਦਾ ਦਿੱਤਾ ਗਿਆ ਹੈ। ਡਾ. ਗੁਪਤਾ ਨੇ ਕਿਹਾ ਕਿ ਇਥੋਂ ਦੇ ਡਾਕਟਰਾਂ ਦੀ ਵਧੀਆ ਕਾਰਗੁਜ਼ਾਰੀ, ਵਧੀਆ ਇਲਾਜ ਕਰ ਕੇ ਹੀ ਇੱਥੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਥੋਂ ਤੱਕ ਕਿ ਬਾਹਰ ਦੇ ਜ਼ਿਲ੍ਹਿਆਂ ਤੋਂ ਵੀ ਮਰੀਜ਼ ਇੱਥੇ ਲਾ ਆ ਕੇ ਆਪਣਾ ਇਲਾਜ ਕਰਵਾ ਰਹੇ ਹਨ।

