ਫ਼ਿਰੋਜ਼ਪੁਰ ਸ਼ਹਿਰ ਦੇ ਸੋਢੇ ਵਾਲਾ ਰੋਡ ’ਤੇ ਗਣੇਸ਼ ਕਾਲੋਨੀ ਨੇੜੇ ਬੀਤੀ ਰਾਤ ਸ਼ਰਧਾਲੂਆਂ ਨਾਲ ਭਰੀ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿੱਚ ਮੋਟਰਸਾਈਕਲ ਸਵਾਰ ਅੱਠ ਮਹੀਨੇ ਦੀ ਗਰਭਵਤੀ ਔਰਤ ਬੱਸ ਦੇ ਟਾਇਰ ਥੱਲੇ ਆ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਵੀਰਪਾਲ ਕੌਰ (38) ਪਤਨੀ ਜਿੰਦਰ ਵਾਸੀ ਖ਼ਾਲਸਾ ਕਲੋਨੀ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ। ਲੋਕਾਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਮੌਕੇ ’ਤੇ ਰੁਕਣ ਦੀ ਥਾਂ ਬੱਸ ਭਜਾ ਕੇ ਲੈ ਗਿਆ। ਪਰਿਵਾਰ ਅਤੇ ਸਥਾਨਕ ਲੋਕਾਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਸੂਰੀ ਗੇਟ ਨੇੜੇ ਘੇਰ ਕੇ ਰੋਕ ਲਿਆ। ਇਸ ਤੋਂ ਬਾਅਦ ਬੱਸ ਨੂੰ ਥਾਣੇ ਪਹੁੰਚਾਇਆ ਗਿਆ। ਡਰਾਈਵਰ ਨੇ ਗਲਤੀ ਮੰਨਣ ਦੀ ਬਜਾਏ ਮੁੱਕਰਦਿਆਂ ਕਿਹਾ ਕਿ ਉਸ ਨੇ ਕੋਈ ਹਾਦਸਾ ਨਹੀਂ ਕੀਤਾ। ਜਿੰਦਰ ਨੇ ਦੱਸਿਆ ਕਿ ਵੀਰਪਾਲ ਕੌਰ ਪੇਕੇ ਘਰ ਦਵਾਈ ਲੈਣ ਗਈ ਸੀ। ਜਦੋਂ ਉਹ ਪਰਿਵਾਰਕ ਮੈਂਬਰ ਨਾਲ ਮੋਟਰਸਾਈਕਲ ’ਤੇ ਵਾਪਸ ਆ ਰਹੀ ਸੀ ਤਾਂ ਇਹ ਹਾਦਸਾ ਵਾਪਰਿਆ। ਪੀੜਤ ਪਰਿਵਾਰ ਨੇ ਬੱਸ ਡਰਾਈਵਰ ਅਤੇ ਬੱਸ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਥਾਣਾ ਸਿਟੀ ਫ਼ਿਰੋਜ਼ਪੁਰ ਅੱਗੇ ਧਰਨਾ ਦਿੱਤਾ। ਮੌਕੇ ’ਤੇ ਪਹੁੰਚੇ ਏ ਐੱਸ ਆਈ ਸ਼ਰਮਾ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡੀ ਐੱਸ ਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਜਾ ਰਹੇ ਹਨ।਼ ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਵੱਲੋਂ ਜੋ ਵੀ ਦਸਤਾਵੇਜ਼ ਅਤੇ ਬਿਆਨ ਪੁਲੀਸ ਨੂੰ ਸੌਂਪੇ ਜਾਣਗੇ, ਉਨ੍ਹਾਂ ਦੇ ਆਧਾਰ ’ਤੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
