ਕਿਸਾਨਾਂ ਨੇ ਬਿਜਲੀ ਕੱਟਾਂ ਖ਼ਿਲਾਫ਼ ਧਰਨੇ ਵਿੱਢੇ
ਖੇਤੀ ਮੋਟਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਨਾ ਦੇਣ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਖੇਤੀ ਮੋਟਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਸੜਕਾਂ ’ਤੇ ਉਤਰ ਗਏ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਦੇ ਹਲਕੇ ਲੰਬੀ ਵਿੱਚ ਦੋ-ਢਾਈ ਘੰਟਿਆਂ ਦੇ ਕੱਟ ਅੱਜ ਚਾਰ ਘੰਟਿਆਂ ਤੱਕ ਪੁੱਜਣ ’ਤੇ ਸਿੰਘੇਵਾਲਾ ਤੇ ਫਤੂਹੀਵਾਲਾ ਦੇ ਕਿਸਾਨਾਂ ਨੇ ਮੰਡੀ ਕਿੱਲਿਆਂਵਾਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਬਿਜਲੀ ਗਰਿੱਡ ਅੱਗੇ ਕੌਮੀ ਸ਼ਾਹਰਾਹ-9 ਜਾਮ ਕਰ ਦਿੱਤਾ। ਪਿੰਡ ਮਾਨ ਦੇ ਕਿਸਾਨਾਂ ਨੇ ਉਗਰਾਹਾਂ ਦੀ ਅਗਵਾਈ ਹੇਠ ਨਾਅਰੇਬਾਜ਼ੀ ਕਰ ਕੇ ਬਾਦਲ ਗਰਿੱਡ ਅੰਦਰ ਲਾਇਆ ਤੇ ਇਸੇ ਤਰ੍ਹਾਂ ਲੰਬੀ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਹਾਈਵੇ ’ਤੇ ਆਵਾਜਾਈ ਠੱਪ ਕੀਤੀ ਗਈ। ਜ਼ਿਕਰਯੋਗ ਹੈ ਕਿ ਅੱਜ ਬਾਦਲ ਡਿਵੀਜ਼ਨ ਦੇ 46 ਏ ਪੀ ਫੀਡਰਾਂ ’ਤੇ ਸਵੇਰੇ 9:50 ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੀ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਦੇ ਪੂਰੀ ਬਿਜਲੀ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਖੇਤਾਂ ਲਈ ਬਿਜਲੀ ਕੱਟਾਂ ਦੇ ਹਾਲਾਤ ਨਾ ਝੱਲਣਯੋਗ ਹਨ। ਕਿਸਾਨ ਸ਼ਮਸ਼ੇਰ ਬਰਾੜ ਨੇ ਕਿਹਾ ਕਿ 90-90 ਹਜ਼ਾਰ ਰੁਪਏ ਪ੍ਰਤੀ ਏਕੜ ’ਤੇ ਜ਼ਮੀਨ ਲੈਣ ਵਾਲੇ ਕਿਸਾਨ ਭਾਰੀ ਸੰਕਟ ਵਿੱਚ ਹਨ। ਖਾਲ ਵਿਚ ਪਾਣੀ ਨਾਲ ਭਰਨ ਤੋਂ ਪਹਿਲਾਂ ਬਿਜਲੀ ਚਲੀ ਜਾਂਦੀ ਹੈ ਤੇ ਲੇਬਰ ਨੂੰ ਵਿਹਲੀ ਬੈਠਣਾ ਪੈਂਦਾ ਹੈ। ਲਵਲੀ ਸਿੰਘ ਨੇ ਦੱਸਿਆ ਕਿ ਅੱਜ ਸਿਰਫ਼ ਚਾਰ ਘੰਟੇ ਅਤੇ ਕੱਲ੍ਹ ਦੋ ਘੰਟੇ ਬਿਜਲੀ ਮਿਲੀ, ਜਿਸ ਕਰ ਕੇ ਝੋਨੇ ਲਈ ਪਾਣੀ ਪੂਰਾ ਨਹੀਂ ਮਿਲ ਰਿਹਾ। ਕਿਸਾਨ ਬੱਗੜ ਸਿੰਘ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਫੀਡਰਾਂ ’ਤੇ ਲਾਈਨਮੈਨਾਂ ਦੀ ਭਾਰੀ ਘਾਟ ਹੈ। ਤਿੰਨ-ਤਿੰਨ ਪਿੰਡਾਂ ’ਚ ਇੱਕ ਲਾਈਨਮੈਨ ਹੋਣ ਕਰ ਕੇ ਨੁਕਸ ਘੰਟਿਆਂ ਤੱਕ ਠੀਕ ਨਹੀਂ ਹੁੰਦੇ, ਖ਼ਾਮਿਆਜ਼ਾ ਕਿਸਾਨ ਭੁਗਤਦੇ ਹਨ। ਗੁਰਪਾਸ਼ ਸਿੰਘੇਵਾਲਾ ਨੇ ਚਿਤਾਵਨੀ ਦਿੱਤੀ ਕਿ ਜੇ 8 ਘੰਟੇ ਨਿਰਵਿਘਨ ਬਿਜਲੀ ਨਾ ਮਿਲੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਕਿੱਲਿਆਂਵਾਲੀ ’ਚ ਸੜਕ ਜਾਮ ਸੀ ਅਤੇ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਿਆ ਸੀ। ਦੂਜੇ ਪਾਸੇ ਬਾਦਲ ਡਿਵੀਜ਼ਨ ਦੇ ਵਧੀਕ ਨਿਗਰਾਨ ਇੰਜਨੀਅਰ ਯੋਧਵੀਰ ਸਿੰਘ ਜੋਸ਼ਨ ਨੇ ਕਿਹਾ ਕਿ ਬਿਜਲੀ ਕੱਟ ਤਕਨੀਕੀ ਖਰਾਬੀ ਨਹੀਂ, ਸਗੋਂ ਪਾਵਰ ਕੱਟ ਕਾਰਨ ਲੱਗੇ ਹਨ। ਦੂਜ ਪਾਸੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਪਿੰਡ ਮਿਠੜੀ, ਮਾਨਾ ਤੇ ਲੰਬੀ ਵਿੱਚ ਲੋਕ ਮਿਲਣੀਆਂ ਕਰਦੇ ਰਹੇ, ਦੂਜੇ ਪਾਸੇ ਬਿਜਲੀ ਕੱਟਾਂ ਤੋਂ ਤੰਗ ਕਿਸਾਨ ਸੜਕਾਂ ’ਤੇ ਧਰਨਿਆਂ ਲਈ ਮਜਬੂਰ ਹੋਏ। ਦੇਰ ਸ਼ਾਮ ਤੱਕ ਨਾ ਮੰਤਰੀ ਨੇ ਕੋਈ ਸਾਰ ਲਈ ਅਤੇ ਨਾ ਹੀ ਕੋਈ ਅਧਿਕਾਰੀ ਪੁੱਜਿਆ। ਮੰਤਰੀ ਦੀ ਲੰਬੀ ’ਚ ਲੋਕ-ਮਿਲਣੀ ਸਮੇਂ ਮੌਕੇ ਐੱਸ ਡੀ ਓ ਮਨਿੰਦਰ ਸਿੰਘ ਨੇ ਕਿਸਾਨਾਂ ਨੂੰ ਕੱਟ ਨਾ ਲੱਗਣ ਦਾ ਭਰੋਸਾ ਦੇ ਦਿੱਤਾ, ਜਦਕਿ ਅਸਲ ਵਿਚ ਕੱਟ ਮੁੱਖ ਦਫ਼ਤਰ ਤੋਂ ਲੱਗ ਰਹੇ ਹਨ।
ਅੱਠ ਘੰਟੇ ਬਿਜਲੀ ਨਾ ਮਿਲਣ ਕਾਰਨ ਮੁਜ਼ਾਹਰਾ
ਤਪਾ ਮੰਡੀ (ਰੋਹਿਤ ਗੋਇਲ/ਸੀ ਮਾਰਕੰਡਾ): ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲਗਾਤਾਰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਉਸ ਵੇਲੇ ਠੁੱਸ ਨਜ਼ਰ ਆਏ, ਜਦੋਂ ਕਿਸਾਨਾਂ ਨੇ ਤਪਾ ਗਰਿੱਡ ਅੱਗੇ ਪਾਵਰਕੌਮ ਅਤੇ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਪਿੰਡ ਤਾਜੋਕੇ ਦੇ ਕਿਸਾਨਾਂ ਮੱਖਣ ਸਿੰਘ ਭੁੱਲਰ, ਸੇਵਕ ਸਿੰਘ ਭੁੱਲਰ, ਗੁਰਚਰਨ ਸਿੰਘ ਭੁੱਲਰ, ਬੂਟਾ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਸੰਦੀਪ ਸਿੰਘ, ਭੋਲਾ ਸਿੰਘ ਭੁੱਲਰ, ਮੋਹਣ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ, ਜੱਗਾ ਸਿੰਘ ਬੱਲੋ, ਸਾਬਕਾ ਮੈਂਬਰ ਗੁਰਦੇਵ ਸਿੰਘ, ਬਲਵੀਰ ਸਿੰਘ, ਜਗਸੀਰ ਸਿੰਘ ਅਤੇ ਗੁਰਤੇਜ ਸਿੰਘ ਸਮੇਤ ਹੋਰ ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਝੋਨੇ ਦੀ ਫਸਲ ਲਈ ਅੱਠ ਘੰਟੇ ਲਗਾਤਾਰ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ, ਪਰ ਹਕੀਕਤ ਵਿਚ ਮੁਸ਼ਕਲ ਨਾਲ ਇੱਕ ਤੋਂ ਡੇਢ ਘੰਟਾ ਹੀ ਬਿਜਲੀ ਮਿਲ ਰਹੀ ਹੈ। ਵਾਰ-ਵਾਰ ਲੱਗ ਰਹੇ ਕੱਟਾਂ ਕਾਰਨ ਝੋਨੇ ਦੀ ਫਸਲ ਸੁੱਕਣ ਕੰਢੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਿਜਲੀ ਸਪਲਾਈ ਫੀਡਰ ਤਾਜੋਕੇ, ਘੁੜੈਲਾ ਫੀਡਰ ਤੋਂ ਚੱਲਦੀ ਹੈ ਅਤੇ ਹੋਰਨਾਂ ਪਿੰਡਾਂ ’ਚ ਵੀ ਬਿਜਲੀ ਸਪਲਾਈ ਦਾ ਇਹੋ ਹਾਲ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਅਤੇ ਬਲਾਕ ਪ੍ਰਧਾਨ ਮੰਦਿਰ ਸਿੰਘ ਤਾਜੋਕੇ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਤੁਰੰਤ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ 28 ਜੂਨ ਨੂੰ ਮੁੱਖ ਮਾਰਗ ਜਾਮ ਕਰ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਤਪਾ ਦੇ ਐੱਸ ਡੀ ਓ ਕੁਲਦੀਪ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਬਿਜਲੀ ਕੱਟ ਲਾਏ ਜਾ ਰਹੇ ਹਨ ਅਤੇ ਵਿਭਾਗ ਵੱਲੋਂ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਪਲਾਈ ਸੁਚਾਰੂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ: ਸੋਢੀ
ਮਾਨਸਾ (ਪੱਤਰ ਪ੍ਰੇਰਕ): ਕਿਸਾਨਾਂ ਨੂੰ ਖੇਤੀਬਾੜੀ ਮੋਟਰਾਂ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਅਣਐਲਾਨੇ ਕੱਟਾਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ-ਆਪ ਨੂੰ ਕਿਸਾਨ-ਹਿਤੈਸ਼ੀ ਦੱਸਦਿਆਂ ਦਿਨ ਵੇਲੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ ਅਤੇ ਕਿਸਾਨਾਂ ਨੂੰ 8 ਘੰਟਿਆਂ ਦੀ ਬਜਾਏ ਸਿਰਫ਼ 5 ਤੋਂ 6 ਘੰਟੇ ਹੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਅਤੇ ਸਿੰਜਾਈ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

