Power Supply: ਬਿਜਲੀ ਕੱਟਾਂ ਤੋਂ ਅੱਕੇ ਕਿਸਾਨ ਸੜਕਾਂ ’ਤੇ ਉੱਤਰੇ
ਮਾਲਵੇ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ’ਚ ਜਾਮ ਲਾਏ
ਖੇਤੀ ਮੋਟਰਾਂ ਦੀ ਮਾੜੀ ਬਿਜਲੀ ਸਪਲਾਈ ਤੋਂ ਅੱਕੇ ਕਿਸਾਨ ਹੁਣ ਸੜਕਾਂ ’ਤੇ ਉਤਰ ਆਏ ਹਨ। ਮਾਲਵੇ ਵਿੱਚ ਅੱਜ ਥਾਂ-ਥਾਂ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਮੁੱਖ ਮਾਰਗ ਜਾਮ ਕਰ ਕੇ ਧਰਨੇ ਦਿੱਤੇ। ਧਰਨਾਕਾਰੀ ਸੁੱਕ ਰਹੀਆਂ ਸਾਉਣੀਆਂ ਫ਼ਸਲਾਂ ਬਚਾਉਣ ਲਈ ਸਰਕਾਰ ਨੂੰ ਕੋਸਦੇ ਰਹੇ। ਭਾਵੇਂ ਅਧਿਕਾਰੀ ਕਿਸਾਨਾਂ ਨੂੰ ਧਰਵਾਸ ਦਿੰਦੇ ਰਹੇ, ਪਰ ਬਿਜਲੀ ਸਪਲਾਈ ਪੂਰੀ ਦੇਣ ਦਾ ਕੋਈ ਵਾਅਦਾ ਜਾਂ ਦਾਅਵਾ ਨਾ ਕਰ ਸਕੇ।
ਮਾਨਸਾ ਵਿੱਚ ਬੀ ਕੇ ਯੂ (ਏਕਤਾ)-ਉਗਰਾਹਾਂ ਦੀ ਅਗਵਾਈ ਹੇਠ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਪਛੜ ਗਈ ਹੈ। ਬਿਜਲੀ ਸਪਲਾਈ 8 ਘੰਟਿਆਂ ਦੀ ਬਜਾਇ 2 ਜਾਂ 4 ਘੰਟੇ ਟੁੱਟਵੇ ਰੂਪ ਵਿੱਚ ਆਉਂਦੀ ਹੈ। ਝੋਨੇ ਦੀ ਫ਼ਸਲ ਨੂੰ ਇਸ ਵਕਤ ਲਗਾਤਾਰ ਪਾਣੀ ਦੇਣ ਦੀ ਲੋੜ ਹੈ। ਹੁਣ ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਦਾ ਝਾੜ ਘਟ ਸਕਦਾ ਹੈ। ਇਸ ਦੌਰਾਨ ਥਾਣਾ ਸਿਟੀ-2 ਮਾਨਸਾ ਮੁਖੀ ਬੇਅੰਤ ਕੌਰ ਅਤੇ ਬਿਜਲੀ ਵਿਭਾਗ ਵੱਲੋਂ ਐਕਸੀਅਨ ਮਾਨਸਾ ਕਿਸਾਨਾਂ ਕੋਲ ਪੁੱਜੇ। ਐਕਸੀਅਨ ਨੇ ਸਟੇਜ ਤੋਂ ਭਰੋਸਾ ਦਿੱਤਾ ਕਿ ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਲਗਤਾਰ ਨਿਰਵਿਘਨ ਦਿੱਤੀ ਜਾਵੇਗੀ ਅਤੇ ਭਲਕੇ ਤੱਕ ਇਸ ਦਾ ਪੱਕਾ ਹੱਲ ਹੋ ਜਾਵੇਗਾ। ਇਸ ਤੋਂ ਬਾਅਦ ਜਥੇਬੰਦੀ ਨੇ ਜਾਮ ਖੋਲ੍ਹ ਦਿੱਤਾ।
ਇਸ ਮੌਕੇ ਮਹਿੰਦਰ ਸਿੰਘ ਰੋਮਾਣਾ, ਉੱਤਮ ਸਿੰਘ ਰਾਮਾਂਨੰਦੀ, ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ, ਸਾਧੂ ਸਿੰਘ ਅਕਲੀਆ, ਸਾਬਕਾ ਫੌਜੀਆਂ ਦੀ ਜਥੇਬੰਦੀ ਵੱਲੋਂ ਸੁਖਵਿੰਦਰ ਸਿੰਘ, ਸੁਰਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਬੀ ਕੇ ਯੂ (ਏਕਤਾ)-ਡਕੌਂਦਾ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਵਿੱਚ ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਮਹਿਲ ਕਲਾਂ ਬਿਜਲੀ ਗਰਿੱਡ ਦਾ ਘਿਰਾਓ ਕੀਤਾ। ਕਿਸਾਨ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਮੂੰਮ, ਅਜਮੇਰ ਸਿੰਘ ਮੂੰਮ, ਜੱਸਾ ਸਿੰਘ ਗਹਿਲ, ਬਲਵੀਰ ਸਿੰਘ ਮਨਾਲ ਤੇ ਜਗਰਾਜ ਸਿੰਘ ਹਮੀਦੀ ਆਦਿ ਨੇ ਕਿਹਾ ਕਿ ਇਨ੍ਹੀਂ ਦਿਨੀਂ ਬਿਜਲੀ ਸਪਲਾਈ ਮਹਿਜ਼ 2-3 ਘੰਟੇ ਹੀ ਦਿੱਤੀ ਜਾ ਰਹੀ ਹੈ। ਇਹੋ ਹਾਲ ਪਿੰਡਾਂ ਵਿੱਚ ਘਰੇਲੂ ਸਪਲਾਈ ਦਾ ਹੈ। ਧਰਨਾਕਾਰੀਆਂ ਦੇ ਰੋਹ ਨੂੰ ਦੇਖਦਿਆਂ ਸੀਨੀਅਰ ਐਕਸੀਅਨ ਸ਼ਹਿਰੀ ਇੰਜ. ਵਿਕਾਸ ਸਿੰਗਲਾ ਤੇ ਇੰਜ. ਗਗਨਦੀਪ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਖੇਤਾਂ ਲਈ ਅੱਜ ਤੋਂ ਲਗਾਤਾਰ 6 ਘੰਟੇ ਅਤੇ 13 ਸਤੰਬਰ ਤੋਂ 8 ਘੰਟੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ। ਘਰੇਲੂ ਬਿਜਲੀ ਲਈ ਕੱਟ ਨਹੀਂ ਲਾਇਆ ਜਾਵੇਗਾ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ। ਇਸ ਸਮੇਂ ਰਾਮ ਸਿੰਘ ਗਹਿਲ, ਕਰਮਜੀਤ ਸਿੰਘ, ਨਿੰਦਰ ਪਟਵਾਰੀ ਕਲਾਲਮਾਜਰਾ, ਸੱਤਪਾਲ ਸਹਿਜੜਾ, ਅਮਨਦੀਪ ਸਿੰਘ ਰਾਏਸਰ, ਕਾਲਾ ਰਾਏਸਰ, ਜੱਗਾ ਸਿੰਘ ਮਹਿਲ ਕਲਾਂ, ਸਾਧੂ ਸਿੰਘ ਮਹਿਲ ਕਲਾਂ ਆਦਿ ਹਾਜ਼ਰ ਸਨ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਖੇਤੀ ਸੈਕਟਰ ਨੂੰ ਨਿਰਵਿਘਨ ਬਿਜਲੀ ਨਾ ਦੇਣ ਤੋਂ ਖ਼ਫ਼ਾ ਬੀ ਕੇ ਯੂ (ਕਾਦੀਆਂ) ਅਤੇ ਬੀ ਕੇ ਯੂ (ਲੱਖੋਵਾਲ) ਨੇ ਪਿੰਡ ਮਰਖਾਈ ਵਿੱਚ ਜ਼ੀਰਾ-ਫਿਰੋਜ਼ਪੁਰ ਰੋਡ ਬੰਦ ਕਰ ਕੇ ਧਰਨਾ ਦਿੱਤਾ। ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇ ਧਰਨੇ ਕਾਰਨ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਦੋਸ਼ ਲਾਇਆ ਕਿ ਕਰੀਬ ਇੱਕ ਹਫ਼ਤੇ ਤੋਂ ਖੇਤੀਬਾੜੀ ਲਈ ਬਿਜਲੀ ਸਪਲਾਈ ਬੇਹੱਦ ਘੱਟ ਰਹਿ ਗਈ ਹੈ। ਬੋਤੀਆਂ ਵਾਲਾ ਗਰਿੱਡ ਨਾਲ ਚੱਲਦੇ ਛੋਟੇ ਬਿਜਲੀ ਘਰਾਂ ਦੇ ਫੀਡਰਾਂ ਨੂੰ ਵੀ ਕਈ ਥਾਵਾਂ ’ਤੇ ਸਿਰਫ਼ 2 ਤੋਂ 3 ਘੰਟੇ ਦੇ ਕਰੀਬ ਬਿਜਲੀ ਮਿਲ ਰਹੀ ਹੈ। ਉਨ੍ਹਾਂ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਾਅਵਿਆਂ ’ਤੇ ਵੀ ਸਵਾਲ ਚੁੱਕੇ। ਬਿਜਲੀ ਵਿਭਾਗ ਦੇ ਐਕਸੀਅਨ ਜ਼ੀਰਾ ਵੱਲੋਂ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਨਿਰਵਿਘਨ 6 ਘੰਟੇ ਬਿਜਲੀ ਸਪਲਾਈ ਦੇਣ ਦਾ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਚੁੱਕ ਲਿਆ ਗਿਆ।
ਇਸ ਮੌਕੇ ਦਰਸ਼ਨ ਸਿੰਘ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਮਨਦੀਪ ਸਿੰਘ ਅਲੀਪੁਰ, ਸੁਖਵੀਰ ਸਿੰਘ ਮਰਖਾਈ, ਹਰਦਿਆਲ ਸਿੰਘ ਅਲੀਪੁਰ, ਭਿੰਦਰ ਸਿੰਘ ਖੋਸਾ ਦਲ ਸਿੰਘ ਆਦਿ ਹਾਜ਼ਰ ਸਨ।
ਭੁੱਚੋ ਮੰਡੀ (ਪਵਨ ਗੋਇਲ): ਬੀ ਕੇ ਯੂ (ਏਕਤਾ)- ਡਕੌਂਦਾ (ਬੁਰਜ ਗਿੱਲ) ਵੱਲੋਂ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਜ ਪਾਵਰਕੌਮ ਦੇ ਸਬ-ਡਿਵੀਜ਼ਨ ਭੁੱਚੋ ਕਲਾਂ ਦੇ ਗਰਿੱਡ ਅੱਗੇ ਨਥਾਣਾ ਸੜਕ ’ਤੇ ਦੋ ਘੰਟੇ ਜਾਮ ਲਾਇਆ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਖੇਤੀ ਮੋਟਰਾਂ ਨੂੰ ਵਾਅਦੇ ਅਨੁਸਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਜਾਮ ਦੌਰਾਨ ਥਾਣਾ ਛਾਉਣੀ ਦੇ ਐੱਸ ਐੱਚ ਓ ਇੰਸਪੈਕਟਰ ਦਲਜੀਤ ਸਿੰਘ ਅਤੇ ਪਾਵਰਕੌਮ ਦੇ ਜੇ ਈ ਵੱਲੋਂ ਪੂਰੀ ਸਪਲਾਈ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਧਰਨੇ ਵਿੱਚ ਪਿੰਡ ਸੇਮਾ ਦੇ ਭਿੰਦਾ ਸਿੰਘ, ਜੰਟਾ ਸਿੰਘ, ਨਿੰਗੀ ਮਾਨੇਕਾ, ਕਾਲਾ ਸਿੰਘ, ਪਰਗਟ ਸਿੰਘ ਕਾਹਨ ਸਿੰਘ ਵਾਲਾ, ਦਿਲਜੀਤ ਸਿੰਘ, ਮੋਹਣੀ ਮੀਰਾਬ, ਚੀਨਾ ਸਿੰਘ, ਜਿੰਦਰ ਸਿੰਘ ਆਦਿ ਸ਼ਾਮਲ ਸਨ।
‘ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕੋਈ ਸੰਤੁਸ਼ਟ ਨਹੀਂ’
ਬਾਘਾ ਪੁਰਾਣਾ (ਕਿਰਨਦੀਪ ਸਿੰਘ ਬੰਬੀਹਾ): ਖੇਤੀ ਲਈ ਨਿਰਵਿਘਨ ਬਿਜਲੀ ਨਾ ਮਿਲਣ ਕਾਰਨ ਕਿਸਾਨ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਬਾਘਾ ਪੁਰਾਣਾ ਦੇ ਮੁੱਖ ਚੌਕ ਵਿੱਚ ਧਰਨਾ ਦਿੱਤਾ। ਇਸ ਧਰਨੇ ਵਿੱਚ ਬੀ ਕੇ ਯੂ (ਏਕਤਾ)-ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਦਿ ਹੋਰ ਕਿਸਾਨ ਮਜ਼ਦੂਰ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਧਰਨੇ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ‘ਆਪ’ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਹੈ, ਜਿਸ ਦੇ ਰਾਜ ਵਿੱਚ ਕੋਈ ਵਰਗ ਵੀ ਸੰਤੁਸ਼ਟ ਨਹੀਂ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰਨ ਦੀ ਬਜਾਇ ਚੁਟਕਲੇ ਸੁਣਾ ਰਹੇ ਹਨ। ਇਸ ਮੌਕੇ ਡੀ ਐਸ ਪੀ ਬਾਘਾ ਪੁਰਾਣਾ ਨੇ ਐਕਸੀਅਨ ਬਾਘਾ ਪੁਰਾਣਾ ਨਾਲ ਗੱਲਬਾਤ ਕਰ ਕੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਦੇਰ ਸ਼ਾਮ ਨੂੰ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸੇ ਦੌਰਾਨ ਕੋਟਕਪੂਰਾ-ਮੋਗਾ ਮੁੱਖ ਮਾਰਗ ’ਤੇ ਕਸਬਾ ਸਮਾਲਸਰ ਵਿੱਚ ਵੀ ਧਰਨਾ ਦਿੱਤਾ। ਇਹ ਧਰਨਾ ਸਵੇਰੇ 11 ਵਜੇ ਲਾਇਆ ਗਿਆ ਅਤੇ ਬਿਜਲੀ ਅਧਿਕਾਰੀਆਂ ਦੇ ਭਰੋਸੇ ਮਗਰੋਂ ਦੇਰ ਸ਼ਾਮ ਚੁੱਕਿਆ ਗਿਆ। ਇਸੇ ਦੌਰਾਨ ਮੋਗਾ ਦੇ ਬਲਾਕ-2 ਦੇ ਖੇਤਾਂ ਵਿੱਚ ਇੱਕ ਹਫ਼ਤੇ ਤੋਂ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਝੋਨੇ ਦੇ ਖੇਤ ਸੁੱਕ ਰਹੇ ਹਨ। ਇਸ ਤੋਂ ਖ਼ਫ਼ਾ ਹੋ ਕੇ ਕਿਸਾਨਾਂ ਨੇ ਡਗਰੂ ਬਿਜਲੀ ਗਰਿੱਡ ਦਾ ਘਿਰਾਓ ਕਰ ਕੇ ਧਰਨਾ ਲਾ ਦਿੱਤਾ। ਕਿਰਤੀ ਕਿਸਾਨ ਯੂਨੀਅਨ, ਬੀ ਕੇ ਯੂ (ਏਕਤਾ)-ਉਗਰਾਹਾਂ, ਬੀ ਕੇ ਯੂ (ਸਿੱਧੂਪੁਰ) ਸਣੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਗੁਰਜਿੰਦਰ ਸਿੰਘ ਘੱਲ ਕਲਾਂ, ਤੀਰਥਵਿੰਦਰ ਸਿੰਘ ਘੱਲ ਕਲਾਂ, ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ, ਜੁਗਰਾਜ ਸਿੰਘ ਦੱਦਾਹੂਰ, ਪ੍ਰਭਜੋਤ ਸਿੰਘ ਭੇਖਾ, ਜ਼ਿਲ੍ਹਾ ਪਰਿਸ਼ਦ ਮੈਂਬਰ ਕੁਲਜਿੰਦਰ ਸਿੰਘ ਘੱਲ ਕਲਾਂ, ਬਲਾਕ ਸਮਿਤੀ ਮੈਂਬਰ ਹਰਪ੍ਰੀਤ ਸਿੰਘ ਘੱਲ ਕਲਾਂ ਆਦਿ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

