ਪੇਅ-ਬੈਂਡ ਦਾ ਸਮਝੌਤਾ ਲਾਗੂ ਨਾ ਹੋਣ ਤੋਂ ਬਿਜਲੀ ਮੁਲਾਜ਼ਮ ਔਖੇ : The Tribune India

ਪੇਅ-ਬੈਂਡ ਦਾ ਸਮਝੌਤਾ ਲਾਗੂ ਨਾ ਹੋਣ ਤੋਂ ਬਿਜਲੀ ਮੁਲਾਜ਼ਮ ਔਖੇ

ਅੱਧੀ ਰਾਤ ਤੋਂ ਲਗਾਤਾਰ ਛੁੱਟੀ ’ਤੇ ਜਾਣ ਦਾ ਕੀਤਾ ਐਲਾਨ

ਪੇਅ-ਬੈਂਡ ਦਾ ਸਮਝੌਤਾ ਲਾਗੂ ਨਾ ਹੋਣ ਤੋਂ ਬਿਜਲੀ ਮੁਲਾਜ਼ਮ ਔਖੇ

ਮਾਨਸਾ ਵਿੱਚ ਪੰਜਾਬ ਸਰਕਾਰ ਖਿਲਾਫ਼ ਕੀਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਾ ਇੱਕ ਆਗੂ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 1 ਦਸੰਬਰ

ਬਿਜਲੀ ਮੁਲਾਜ਼ਮਾਂ ਵੱਲੋਂ ਰਾਜ ਵਿੱਚ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਹੋਇਆ ਸਮਝੌਤਾ ਅੱਜ ਲਾਗੂ ਨਾ ਹੋਣ ਮਗਰੋਂ ਬਿਜਲੀ ਕਾਮੇ ਭੜਕੇ ਉਠੇ ਅਤੇ ਉਨ੍ਹਾਂ ਨੇ ਅੱਜ ਅੱਧੀ ਰਾਤ ਤੋਂ ਪੇਅ-ਬੈਂਡ ਦਾ ਸਰਕੂਲਰ ਜਾਰੀ ਹੋਣ ਤੱਕ ਲਗਾਤਾਰ ਅਚਨਚੇਤ ਛੁੱਟੀ ’ਤੇ ਜਾਣ ਦਾ ਐਲਾਨ ਕਰ ਦਿੱਤਾ। ਬਿਜਲੀ ਕਾਮਿਆਂ ਨੇ ਪੰਜਾਬ ਭਰ ਵਿੱਚ ਸਬ-ਡਵੀਜ਼ਨ, ਡਵੀਜ਼ਨ ਸਰਕਲਾਂ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਅਤੇ ਭਲਕੇ 2 ਦਸੰਬਰ ਤੋਂ 7 ਦਸੰਬਰ ਤੱਕ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਕਿਸੇ ਵੀ ਇਲਾਕੇ ਵਿੱਚ ਜਾਣ ’ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕਰਨ ਦਾ ਨਿਰਣਾ ਲਿਆ ਗਿਆ ਹੈ। ਆਈਟੀਆਈ ਐਪਲਾਈਜ਼ ਐਸੋਸੀਏਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਸੰਘਰਸ਼ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਜੁਆਇੰਟ ਫੋਰਮ ਸਮੇਤ ਅਜ਼ਾਦ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਕੀਤਾ ਗਿਆ। ਇਸੇ ਦੌਰਾਨ ਮਾਨਸਾ ਵਿਖੇ ਸੰਘਰਸ਼ ਵਿੱਚ ਸ਼ਾਮਲ ਜਥੇਬੰਦੀਆਂ ਦੇ ਦਿੱਤੇ ਗਏ ਸੱਦੇ ਅਨੁਸਾਰ ਅੱਜ ਇਥੇ ਪਾਵਰਕੌਮ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਜਦੋਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਪੰਜਾਬ ਸਰਕਾਰ ਨੇ ਸਮਝੌਤਾ ਕਰਕੇ ਇਸ ਨੂੰ ਪਹਿਲੀ ਦਸੰਬਰ ਤੱਕ ਲਾਗੂ ਕਰਨ ਦਾ ਐਲਾਨ ਹੀ ਕਰ ਦਿੱਤਾ ਸੀ ਤਾਂ ਉਨ੍ਹਾਂ ਦਾ ਇਖ਼ਲਾਕੀ ਤੌਰ ’ਤੇ ਫਰਜ਼ ਬਣਦਾ ਸੀ ਕਿ ਉਹ ਇਸ ਫੈਸਲੇ ਨੂੰ ਸਤਿਕਾਰ ਸਹਿਤ ਲਾਗੂ ਕਰਦੇ,ਪਰ ਜਦੋਂ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਮਿਆਂ ਵੱਲੋਂ ਜਥੇਬੰਦੀਆਂ ਦੇ ਐਲਾਨੇ ਸੰਘਰਸ਼ ਨੂੰ ਸਿਰ ਮੱਥੇ ਮੰਨਦੇ ਅੱਧੀ ਰਾਤ ਤੋਂ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਵਰਿੰਦਰ ਸਿੰਘ ਲਾਡੀ, ਗੁਰਦਰਸ਼ਨ ਸਿੰਘ ਟਾਹਲੀਆਂ, ਅੰਮ੍ਰਿਤਪਾਲ ਆਦਿ ਨੇ ਵੀ ਸੰਬੋਧਨ ਕੀਤਾ।

ਭੁੱਚੋ ਮੰਡੀ (ਪਵਨ ਗੋਇਲ): ਸਬ ਡਿਵੀਜ਼ਨ ਭੁੱਚੋ ਕਲਾਂ ਦੇ ਬਿਜਲੀ ਮੁਲਾਜ਼ਮਾਂ ਨੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਦਫ਼ਤਰ ਵਿੱਚ ਧਰਨਾ ਦੇ ਕੇ ਪਾਵਰਕੌਮ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਟੀਐਸਯੂ ਦੇ ਪ੍ਰਧਾਨ ਇਕਬਾਲ ਸਿੰਘ ਤੁੰਗਵਾਲੀ, ਐਮਐਸਯੂ ਦੇ ਲਵਲੀ ਸਿੰਗਲਾ, ਸੰਦੀਪ ਸਿੰਘ, ਟੀਐਸਯੂ ਭੰਗਲ ਦੇ ਪਰਸਨ ਸਿੰਘ ਤੇ ਬਲੌਰ ਸਿੰਘ ਅਤੇ ਐਂਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਜਗਰਾਜ ਸਿੰਘ ਨੇ ਸੰਬੋਧਨ ਕੀਤਾ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ਼ਹਿਰ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਕੰਮ ਦਾ ਬਾਈਕਾਟ ਕਰਕੇ ਗੇਟ ਰੈਲੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਲਿਖਤੀ ਵਾਅਦਿਆਂ ਤੋਂ ਮੁੱਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਲਿਖਤੀ ਸਮਝੌਤਿਆਂ ਨੂੰ ਸੰਜੀਦਗੀ ਨਾਲ ਨਾ ਲਿਆ ਗਿਆ ਤਾਂ ਬਿਜਲੀ ਕਾਮੇ ਸੜਕਾਂ ’ਤੇ ਉੱਤਰ ਕੇ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਬਲਜੀਤ ਸਿੰਘ ਕਿ੍ਪਾਲਕੇ, ਸਵਰਨ ਸਿੰਘ, ਬਲਜਿੰਦਰ ਸ਼ਰਮਾ, ਬਲਜੀਤ ਸਿੰਘ ਮੋਦਲਾ, ਗੁਰਦੀਪ ਸਿੰਘ, ਰਣਜੀਤ ਸਿੰਘ ਥਾਂਦੇਵਾਲਾ, ਸ਼ਿਵਦੀਪ ਸਿੰਘ ਬਰਾੜ, ਗੁਰਸੇਵਕ ਸਿੰਘ, ਬਸੰਤ ਸਿੰਘ, ਸ਼ਮਸ਼ੇਰ ਸਿੰਘ, ਬੱਲਾ ਸਿੰਘ ਤੇ ਹੋਰ ਵੀ ਆਗੂਆਂ ਨੇ ਵੀ ਸੰਬੋਧਨ ਕੀਤਾ।

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਬਿਜਲੀ ਮੁਲਾਜ਼ਮਾਂ ਨੇ ਮੰਡਲ ਦਫ਼ਤਰ ਵਿਖੇ ਸਰਕਾਰ ਖਿਲਾਫ਼ ਗੇਟ ਰੈਲੀ ਕਰਦੇ ਹੋਏ ਜੰਮ ਦੇ ਭੜਾਸ ਕੱਢੀ। ਮੀਤ ਪ੍ਰਧਾਨ ਨਵਜੋਤ ਸਿੰਘ, ਏਕਤਾ ਮੰਚ ਦੇ ਗੁਰਦੀਪ ਸਿੰਘ, ਇੰਪਲਾਈਜ਼ ਫੈਡਰੇਸ਼ਨ ਆਗੂ ਜਗਦੀਸ਼ ਸਿੰਘ, ਰਾਕੇਸ਼ ਗੋਇਲ, ਲਖਵਿੰਦਰ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸਰਕੂਲਰ ਜਾਰੀ ਨਹੀਂ ਕੀਤਾ ਜਾਂਦਾ ਤਾਂ ਨਵੇਂ ਵੱਡੇ ਸੰਘਰਸ਼ ਦਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ।

ਅਬੋਹਰ (ਪੱਤਰ ਪ੍ਰੇਰਕ): ਅਬੋਹਰ ਦੇ ਪੁਲੀਸ ਮੁਲਾਸ਼ਮਾਂ ਨੇ ਸਾਂਝਾ ਫੋਰਮ ਦੇ ਸੱਦੇ ’ਤੇ ਅੱਜ ਬੋਰਡ ਪ੍ਰਬੰਧਨ ਅਤੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਨਿਰਮਲ ਸਿੰਘ, ਸੁਰਿੰਦਰ ਕੁਮਾਰ, ਮਹਿੰਦਰ ਕੁਮਾਰ, ਸੁਰਜੀਤ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ ਅਤੇ ਰਾਕੇਸ਼ ਕੁਮਾਰ ਨੇ ਸੰਬੋਧਨ ਕੀਤਾ।

ਬਰਨਾਲਾ (ਪਰਸ਼ੋਤਮ ਬੱਲੀ): ਪਾਵਰਕੌਮ ਸਰਕਲ ਬਰਨਾਲਾ ਦੇ ਕਾਮਿਆਂ ਵੱਲੋਂ ਚੇਤ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ 66 ਕੇ.ਵੀ. ਗਰਿੱਡ ਬਰਨਾਲਾ ਵਿਖੇ ਮੈਨੇਜਮੈਂਟ ਵੱਲੋਂ ਵਾਰ-ਵਾਰ ਪੇਅ ਬੈਂਡ ਸਮੇਤ ਹੋਰ ਮੰਗਾਂ ਮਨ ਕੇ ਮੁਕਰ ਜਾਣ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਜਸਵਿੰਦਰ ਸਿੰਘ, ਦਰਸ਼ਨ ਸਿੰਘ ਰਾਜੀਆ, ਜਗਤਾਰ ਸਿੰਘ ਖੇੜੀ, ਗੁਰਮੀਤ ਸਿੰਘ ਜੇਈ, ਦਲਜੀਤ ਸਿੰਘ, ਗਗਨਦੀਪ, ਪੰਕਜ ਗੋਇਲ ਨੇ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All