DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shiromani Akali Dal ਉਮੀਦਵਾਰ ਵੱਲੋਂ ਪਾਰਟੀ ਛੱਡਣ ਕਾਰਨ ਸਿਆਸਤ ਭਖੀ

ਨਵੇਂ ਹਲਕਾ ਇੰਚਾਰਜ ਦੀ ਦੌੜ ਵਿੱਚ ਜਥੇਦਾਰ ਬਾਦਲਾਂ ਅਤੇ ਭੂੰਦੜ ਤੱਕ ਪਹੁੰਚ ਕਰਨ ਲੱਗੇ

  • fb
  • twitter
  • whatsapp
  • whatsapp
featured-img featured-img
ਬੁਢਲਾਡਾ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਲਈ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ ਵਰਕਰ।
Advertisement

ਸ਼੍ਰੋਮਣੀ ਅਕਾਲੀ ਦਲ ਦੇ ਬੁਢਲਾਡਾ ਵਿਧਾਨ ਸਭਾ ਤੋਂ ਹਲਕਾ ਇੰਚਾਰਜ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਉਮੀਦਵਾਰ ਦੇ ਅਚਾਨਕ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਇਸ ਖੇਤਰ ਵਿੱਚ ਨਵੀਂਆਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਅੱਧੀ ਦਰਜਨ ਤੋਂ ਵੱਧ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਟਿਕਟ ਪੱਕੀ ਕਰਨ ਲਈ ਅੱਜ ਤੋਂ ਹੀ ਪਾਰਟੀ ਦੇ ਉੱਚ ਨੇਤਾਵਾਂ ਨਾਲ ਤਾਲਮੇਲ ਵਧਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਡਾ. ਨਿਸ਼ਾਨ ਸਿੰਘ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲਗਪਗ 15 ਸਾਲ ਪਹਿਲਾਂ ਅਕਾਲੀ ਦਲ ਵਿੱਚ ਸਰਗਰਮ ਹੋ ਗਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ 2017 ਅਤੇ 2022 ਵਿੱਚ ਬੁਢਲਾਡਾ ਹਲਕੇ ਤੋਂ ਚੋਣ ਲੜਾਈ ਸੀ ਅਤੇ ਤੀਜੀ ਵਾਰ ਹੁਣ ਮੁੜ ਮੈਦਾਨ ਵਿੱਚ ਉਤਾਰਨ ਦਾ ਬਾਕਾਇਦਾ ਐਲਾਨ ਵੀ ਕੀਤਾ ਗਿਆ ਸੀ। ਕੱਲ੍ਹ ਅਚਾਨਕ ਪਾਰਟੀ ਨੂੰ ਅਲਵਿਦਾ ਕਹਿਣ ਨਾਲ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਹਾਲਾਂਕਿ, ਡਾ. ਨਿਸ਼ਾਨ ਸਿੰਘ ਨੇ ਚੋਣ ਨਾ ਲੜਨ ਦਾ ਕਾਰਨ ਸਿਹਤ, ਆਰਥਿਕ, ਘਰੇਲੂ ਰੁਝੇਵਿਆਂ ਨੂੰ ਦੱਸਿਆ ਹੈ, ਪਰ ਪਾਰਟੀ ਵਿੱਚ ਹੁਣ ਉਨ੍ਹਾਂ ਦੀ ਥਾਂ ਲੈਣ ਲਈ ਹੱਥ-ਪੈਰ ਮਾਰਨ ਵਾਲੇ ਕਈ ਆਗੂਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਕੋਲ ਆਪਣੀ ਪਹੁੰਚ ਬਣਾਉਣ ਲਈ ਸਾਰੇ ਬੰਦੋਬਸਤ ਪੂਰੇ ਹੋਣ ਅਤੇ ਬੁਢਲਾਡਾ ਤੋਂ ਜਿੱਤ ਹਾਸਲ ਕਰਨ ਦੇ ਸੁਨੇਹੇ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ।

ਰਾਜਨੀਤਿਕ ਮਾਹਿਰ ਡਾ. ਸੰਦੀਪ ਘੰਡ ਐਡਵੋਕੇਟ ਨੇ ਕਿਹਾ ਕਿ ਜੇ ਕਿਸੇ ਉਮੀਦਵਾਰ ਲਈ ਚੋਣ ਲੜਨਾ ਸੰਭਵ ਨਹੀਂ ਸੀ ਤਾਂ ਪਾਰਟੀ ਨੂੰ ਸਮੇਂ-ਸਿਰ ਜਾਣਕਾਰੀ ਦੇਣ ਨਾਲ ਸਥਿਤੀ ਹੋਰ ਸਪੱਸ਼ਟ ਹੋ ਸਕਦੀ ਸੀ। ਟਿਕਟ ਮਿਲਣ ਤੋਂ ਬਾਅਦ ਚੋਣ ਤੋਂ ਪਿੱਛੇ ਹਟਣਾ ਅਤੇ ਫਿਰ ਪਾਰਟੀ ਤੋਂ ਅਸਤੀਫ਼ਾ ਦੇਣਾ ਸੁਭਾਵਿਕ ਤੌਰ ’ਤੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਸਵਾਲ ਪੈਦਾ ਕਰਦਾ ਹੈ। ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਭਾਵੇਂ ਅਜੇ ਤੱਕ ਡਾ. ਨਿਸ਼ਾਨ ਸਿੰਘ ਨੇ ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਕੋਈ ਐਲਾਨ ਨਹੀਂ ਕੀਤਾ ਹੈ, ਪਰ ਉਨ੍ਹਾਂ ਦੇ ਅਗਲੇ ਸਿਆਸੀ ਕਦਮ ’ਤੇ ਸਾਰਿਆਂ ਦੀ ਨਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਜੇ ਉਹ ਕਿਸੇ ਹੋਰ ਪਾਰਟੀ ਨਾਲ ਜੁੜਦੇ ਹਨ ਤਾਂ ਬੁਢਲਾਡਾ ਦੇ ਸਿਆਸੀ ਸਮੀਕਰਨਾਂ ਵਿੱਚ ਸੰਭਾਵਿਤ ਤਬਦੀਲੀ ਵੱਡੀ ਮੰਨੀ ਜਾਵੇਗੀ। ਉਧਰ ਅਕਾਲੀ ਦਲ ਵਿੱਚ ਡਾ. ਨਿਸ਼ਾਨ ਸਿੰਘ ਦੇ ਪਾਰਟੀ ਛੱਡ ਜਾਣ ਨਾਲ ਪੈਂਦਾ ਹੋਏ ਖਲਾਅ ਤੋਂ ਬਾਅਦ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਦਿਹਾਤੀ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਸੀਨੀਅਰ ਆਗੂ ਗੁਰਮੇਲ ਸਿੰਘ ਫਫੜੇ ਅਤੇ ਜਤਿੰਦਰ ਸਿੰਘ ਸੋਢੀ ਦਾ ਕਹਿਣਾ ਹੈ ਕਿ ਇੱਕ ਬੰਦੇ ਦੇ ਪਾਰਟੀ ਛੱਡਣ ਨਾਲ ਕੋਈ ਫ਼ਰਕ ਨਹੀਂ ਪੈਦਾ ਹੈ। ਅੱਜ ਕਈ ਆਗੂਆਂ ਬੁਢਲਾਡਾ ਤੋਂ ਨਵੇਂ ਹਲਕਾ ਇੰਚਾਰਜ ਦੀ ਤਲਾਸ਼ ਲਈ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੱਕ ਪਹੁੰਚ ਕਰਨ ਲੱਗੇ ਹਨ।

Advertisement

Advertisement
Advertisement
×