ਚੋਣਾਂ ਲਈ ਪਿੰਡਾਂ ’ਚ ਸਿਆਸੀ ਸਰਗਰਮੀਆਂ ਤੇਜ਼
ਸੂਬੇ ਵਿੱਚ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਹੁੰਦੇ ਹੀ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਸਿਆਸੀ ਧਿਰਾਂ ਨੇ ਹਲਚਲ ਵਧਾ ਦਿੱਤੀ ਹੈ। ਇਹ ਚੋਣਾਂ ਸਿਆਸੀ ਧਿਰਾਂ ਲਈ ਵੋਟਰਾਂ ਦਾ ਫਤਵਾ ਅਤੇ ਨਵੇਂ ਰਾਹ ਤੈਅ ਕਰੇਗਾ।
ਮਿਸ਼ਨ ਵਿਧਾਨ ਸਭਾ ਚੋਣਾਂ 2027 ਨੇੜੇ ਹੋਣ ਕਾਰਨ ਇਹ ਚੋਣਾਂ ਜਿਥੇ ‘ਆਪ’ ਲਈ ਇਮਤਿਹਾਨ ਦੀ ਘੜੀ ਹੈ, ਉਥੇ, ਭਾਜਪਾ, ਕਾਂਗਰਸ, ਧੜਿਆਂ ਵਿੱਚ ਵੰਡੇ ਅਕਾਲੀ ਦਲਾਂ ਲਈ ਵਕਾਰ ਅਤੇ ਹੋਂਦ ਦੀ ਲੜਾਈ ਵੀ ਹੋਵੇਗੀ।
ਅਕਾਲੀ ਦਲ (ਪੁਨਰਸੁਰਜੀਤੀ) ਦੇ ਸੂਬਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਫਿਲਹਾਲ ਪਾਰਟੀ ਵੱਲੋਂ ਇਕੱਲਿਆਂ ਚੋਣ ਲੜਨ ਦਾ ਪ੍ਰੋਗਰਾਮ ਹੈ ਤੇ ਅਗਲੇ ਦਿਨਾਂ ਵਿਚ ਹਮਖ਼ਿਆਲੀ ਪਾਰਟੀ ਨਾਲ ਗੱਠਜੋੜ ਵੀ ਹੋ ਸਕਦਾ ਹੈ। ਅਕਾਲੀ ਦਲ (ਬ) ਆਗੂ ਰਾਜਿੰਦਰ ਸਿੰਘ ਡੱਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਹਰਜੋਤ ਕਮਲ ਸਿੰਘ ਨੇ ਕਿਹਾ ਕਿ ਚੋਣ ਨਿਸ਼ਾਨ ਉੱਤੇ ਇਹ ਚੋਣਾਂ ਲੜਨ ਦਾ ਪਾਰਟੀ ਵੱਲੋਂ ਫ਼ੈਸਲਾ ਲਿਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਅਤੇ ਸੰਸਦ ਮੈਂਬਰ ਭਾਈ ਅਮ੍ਰਿੰਤਪਾਲ ਸਿੰਘ ਦੀ ਅਗਵਾਈ ਵਾਲੇ ਨਵੇਂ ਅਕਾਲੀ ਦਲਾਂ ਕੋਲ ਕੋਈ ਪਾਰਟੀ ਚੋਣ ਨਿਸ਼ਾਨ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਇਹ ਚੋਣਾਂ ਇੱਕ ਇਮਤਿਹਾਨ ਤੋਂ ਘੱਟ ਨਹੀਂ ਹਨ। ‘ਆਪ’ ਸਰਕਾਰ ਨਸ਼ਿਆਂ ਦੇ ਖਾਤਮੇ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਪਰ ਨਸ਼ਿਆਂ ਦਾ ਮੱਕੜਜਾਲ ਫੈਲਦਾ ਜਾ ਰਿਹਾ ਹੈ। ਸਰਕਾਰ ਇਸ ਮਸਲੇ ਉਤੇ ਲਾਜਵਾਬ ਹੋਈ ਪਈ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਅਤੇ ਸਰਕਾਰੀ ਦਫ਼ਤਰਾਂ ‘ਚ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਸਣੇ ਹੋਰ ਲੋਕ ਮਸਲਿਆਂ ਉਤੇ ਧਿਆਨ ਕੇਂਦਰਿਤ ਕਰ ਰਹੇ ਹਨ।
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ 15 ਜ਼ੋਨਾਂ ਅਤੇ ਪੰਜ ਬਲਾਕ ਸਮਤੀਆਂ ਦੀਆਂ 101 ਜ਼ੋਨਾਂ ’ਚ ਪੰਚਾਇਤ ਸੰਮਤੀ ਮੋਗਾ ’ਚ 17 ਜ਼ੋਨ, ਬਾਘਾਪੁਰਾਣਾ ’ਚ 25 ਜ਼ੋਨ, ਨਿਹਾਲ ਸਿੰਘ ਵਾਲਾ ’ਚ 25 ਜ਼ੋਨ, ਧਰਮਕੋਟ ’ਚ 18 ਜ਼ੋਨ ਅਤੇ ਕੋਟ ਈਸੇ ਖਾਂ ’ਚ 16 ਜ਼ੋਨ ਹਨ। ਜ਼ਿਲ੍ਹੇ ਵਿਚ ਦਿਹਾਤੀ ’ਚ ਕੁੱਲ 5,64,268, ਵੋਟਰਾਂ ਵਿੱਚੋਂ 3,02,760 ਪੁਰਸ਼ ਅਤੇ 2,61,698, ਔਰਤ ਹਨ।
