Mazdoor Mukti Morcha :ਧਰਨੇ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਕੋਲ ਪੁੱਜੀ ਪੁਲੀਸ
ਇਨਸਾਫ਼ ਦਾ ਭਰੋਸਾ ਦਿਵਾਇਆ; ਮਜ਼ਦੂਰ ਮੁਕਤੀ ਮੋਰਚਾ ਵੱਲੋਂ ਧਰਨਾ ਮੁਲਤਵੀ
ਪਿੰਡ ਬੁਰਜ ਢਿੱਲਵਾਂ ਦੇ ਦਲਿਤ ਨੌਜਵਾਨ ਦੀ ਕੁੱਟਮਾਰ ਕਰ ਕੇ ਦੋਵੇਂ ਬਾਹਾਂ ਤੋੜਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਅੱਜ ਥਾਣਾ ਜੋਗਾ ਅੱਗੇ ਦਿੱਤਾ ਜਾਣ ਵਾਲਾ ਧਰਨੇ ਤੋਂ ਪਹਿਲਾਂ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਧਰਨੇ ਲਈ ਇਕੱਠੇ ਹੋ ਰਹੇ ਮਜ਼ਦੂਰਾਂ ਦੇ ਇਕੱਠ ਵਿੱਚ ਆ ਕੇ ਥਾਣਾ ਸਦਰ ਮਾਨਸਾ ਦੇ ਮੁਖੀ ਜਸਪ੍ਰੀਤ ਸਿੰਘ, ਸਬ-ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਥਾਣਾ ਜੋਗਾ ਦਾ ਘਿਰਾਓ ਮੁਲਤਵੀ ਕਰ ਦਿੱਤਾ ਗਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਬੀਤੀ ਕੱਲ੍ਹ ਪਿੰਡ ਵਿੱਚ ਜਬਰ ਵਿਰੋਧੀ ਰੈਲੀ ਕਰ ਕੇ ਅੱਜ ਥਾਣਾ ਜੋਗਾ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਧਰਨੇ ਨੂੰ ਲੈ ਕੇ ਪਿੰਡ ਬੁਰਜ ਢਿੱਲਵਾਂ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸੇ ਦੌਰਾਨ ਪੁਲੀਸ ਅਧਿਕਾਰੀਆਂ ਵੱਲੋਂ ਇਕੱਠ ਵਿੱਚ ਪੁੱਜ ਕੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਵਿੱਚ ਗ੍ਰਿਫ਼ਤਾਰ ਕਰਨ ਅਤੇ ਪਰਚੇ ਵਿਚ ਐੱਸ ਸੀ, ਐੱਸਟੀ ਐਕਟ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਲਗਾਉਣ ਦਾ ਵਿਸ਼ਵਾਸ ਦਿਵਾਇਆ ਗਿਆ, ਜਿਸ ਤੋਂ ਬਾਅਦ ਥਾਣਾ ਜੋਗਾ ਦੇ ਘਿਰਾਓ ਨੂੰ ਮੁਲਤਵੀ ਕਰ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਰਵਾਈ ਨਾ ਹੋਣ ’ਤੇ ਐੱਸ ਐੱਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ।

