ਦਿੱਲੀ ਧਮਾਕੇ ਤੋਂ ਬਾਅਦ ਪੁਲੀਸ ਨੇ ਚੌਕਸੀ ਵਧਾਈ
ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਮਾਨਸਾ ਪੁਲੀਸ ਨੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਵਿਚ ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਦੀ ਚੈਕਿੰਗ ਕੀਤੀ। ਇਸ ਸਮੇਂ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਲੋਕਾਂ ਦਾ ਸਾਮਾਨ ਚੈੱਕ ਕੀਤਾ ਗਿਆ। ਪੁਲੀਸ ਨੂੰ ਕਿਸੇ ਪਾਸਿਓਂ ਕੋਈ ਇਤਰਾਜ਼ ਯੋਗ ਵਸਤੂ ਜਾਂ ਸਮੱਗਰੀ ਆਦਿ ਬਰਾਮਦ ਨਹੀਂ ਹੋਈ, ਪਰ ਪੁਲੀਸ ਦਾ ਇਹ ਅਪਰੇਸ਼ਨ ਦਿਨ ਭਰ ਚੱਲਦਾ ਰਿਹਾ।
ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਪੁਲੀਸ ਨੇ ਚੌਕਸੀ ਵਧਾਉਂਦਿਆਂ ਆਉਣ-ਜਾਣ ਵਾਲੀਆਂ ਯਾਤਰੀ ਰੇਲਗੱਡੀਆਂ ਦੀ ਚੈਕਿੰਗ ਕੀਤੀ ਅਤੇ ਯਾਤਰੀਆਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਸਫਰ ਅਤੇ ਬਿਨਾਂ ਡਰ ਭੈਅ ਦੇ ਯਾਤਰਾ ਕਰਨ ਲਈ ਕਿਹਾ ਅਤੇ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ। ਸ੍ਰੀ ਮੀਨਾ ਨੇ ਕਿਹਾ ਕਿ ਜਨਤਕ ਥਾਵਾਂ ਅਤੇ ਭੀੜ-ਭੜੱਕਿਆਂ ਵਾਲੀਆਂ ਥਾਵਾਂ ’ਤੇ ਪੁਲੀਸ ਦੀ ਖਾਸ ਨਜ਼ਰ ਰਹੇਗੀ ਤਾਂ ਜੋ ਉਥੋਂ ਕੋਈ ਵੀ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਕਰਨਾ ਅਤੇ ਸ਼ਰਾਰਤੀ ਵਿਅਕਤੀਆਂ ’ਤੇ ਨਜ਼ਰ ਰੱਖਣਾ ਪੁਲੀਸ ਦਾ ਫਰਜ਼ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਰੇਲਵੇ ਸਟੇਸ਼ਨ, ਬੱਸ ਸਟੈਂਡ ਜਾਂ ਹੋਰ ਜਨਤਕ ਥਾਵਾਂ ’ਤੇ ਕਿਸੇ ਨੂੰ ਵੀ ਕੋਈ ਇਤਰਾਜ਼ਯੋਗ ਚੀਜ਼ ਦਿਖਾਈ ਦਿੰਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਕਸਰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਸ਼ਰਾਰਤੀ ਕਿਸਮ ਦੇ ਵਿਅਕਤੀ ਦੁਰਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਅਜਿਹਾ ਸ਼ੱਕੀ ਵਿਅਕਤੀ ਕਿਤੇ ਵੀ ਨਜ਼ਰ ਆਵੇ ਤਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ।
ਹੋਟਲਾਂ ਅਤੇ ਧਰਮਸ਼ਾਲਾਵਾਂ ’ਚ ਠਹਿਰਨ ਵਾਲਿਆਂ ਕੋਲੋਂ ਪੜਤਾਲ
ਸਿਰਸਾ (ਪ੍ਰਭੂ ਦਿਆਲ): ਦਿੱਲੀ ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਨੇ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਐਲਾਨ ਦਿੱਤਾ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਜਾਂ ਐਮਰਜੈਂਸੀ ਸਥਿਤੀਆਂ ਦੀ ਤੁਰੰਤ 112 ਜਾਂ ਨਜ਼ਦੀਕੀ ਪੁਲੀਸ ਸਟੇਸ਼ਨ ’ਤੇ ਸੂਚਨਾ ਦੇਣ। ਪੁਲੀਸ ਸੁਪਰਡੈਂਟ ਦੀਪਕ ਸਹਾਰਨ ਨੇ ਦੱਸਿਆ ਕਿ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਰਸਾ ਪੁਲੀਸ ਨੇ ਸਰਹੱਦੀ ਇਲਾਕਿਆਂ ਵਿੱਚ ਨਾਕੇ ਲਗਾਏ ਹਨ ਅਤੇ ਹਰ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਐਸਪੀ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਸਿਰਸਾ ਸ਼ਹਿਰ, ਚੋਪਟਾ ਅਤੇ ਰਾਣੀਆਂ ਸਮੇਤ ਜ਼ਿਲ੍ਹੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਬੱਸ ਸਟੈਂਡ, ਰੇਲਵੇ ਸਟੇਸ਼ਨ, ਹੋਟਲ, ਧਰਮਸ਼ਾਲਾਵਾਂ ਅਤੇ ਹਰ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੁੱਦੇਨਜ਼ਰ ਪੁਲੀਸ ਨੂੰ ਥਾਂ-ਥਾਂ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਧਾਰਮਿਕ ਸਥਾਨਾਂ ’ਤੇ ਵੀ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ।
