ਭਗਵਾਨ ਦਾਸ ਗਰਗ
ਨਥਾਣਾ, 3 ਜੂਨ
ਨਾਜਾਇਜ਼ ਸ਼ਰਾਬ ਫੜਨ ਗਈ ਸਥਾਨਕ ਪੁਲੀਸ ਤੇ ਠੇਕੇਦਾਰ ਦੇ ਕਰਿੰਦਿਆਂ ਦੀ ਹਾਲਤ ਉਸ ਸਮੇਂ ਹਾਸੋਹੀਣੀ ਬਣ ਗਈ ਜਦੋਂ ਇਥੋਂ ਦੀ ਇੱਕ ਦਲਿਤ ਬਸਤੀ ਦੇ ਲੋਕਾਂ ਨੇ ਇਕੱਠੇ ਹੋ ਕੇ ਛਾਪਾਮਾਰ ਟੀਮ ਨੂੰ ਘੇਰਾ ਪਾ ਲਿਆ। ਇਨ੍ਹਾਂ ਲੋਕਾਂ ਨੇ ਪੁਲੀਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਨਜਾਇਜ਼ ਸ਼ਰਾਬ ਦੇ ਨਾਂ ਹੇਠ ਪੁਲੀਸ ਵੱਲੋਂ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ। ਅੱਜ ਬਾਅਦ ਦੁਪਹਿਰ ਠੇਕੇਦਾਰ ਦੇ ਕਰਿੰਦੇ ਤੇ ਇੱਕ ਪੁਲੀਸ ਪਾਰਟੀ ਇੱਥੇ ਫਿਰਨੀ ’ਤੇ ਦਲਿਤ ਬਸਤੀ ’ਚ ਰਹਿੰਦੇ ਸੁਖਮੰਦਰ ਸਿੰਘ ਭੱਪ ਤੇ ਬਿੱਕਰ ਸਿੰਘ ਦੇ ਘਰ ਤਲਾਸ਼ੀ ਲੈਣ ਪੁੱਜੇ। ਮਹਿਲਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਚਾਰ ਦਿਨ ਪਹਿਲਾਂ ਵੀ ਇਨ੍ਹਾਂ ਦੋਵਾਂ ਘਰਾਂ ’ਤੇ ਛਾਪਾ ਮਾਰਿਆ ਸੀ ਪਰ ਪੁਲੀਸ ਨੂੰ ਨਾਜਾਇਜ਼ ਸ਼ਰਾਬ ਜਾਂ ਕੋਈ ਇਤਰਾਜਯੋਗ ਚੀਜ਼ ਨਹੀਂ ਸੀ ਮਿਲੀ। ਉਸ ਸਮੇਂ ਪੁਲੀਸ ਹੋਰ ਦੋ ਘਰਾਂ ਦਾ ਪਤਾ ਪੁੱਛ ਰਹੀ ਸੀ। ਮਹਿਲਾ ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਅੱਜ ਛਾਪੇ ਦੌਰਾਨ ਜਦੋਂ ਕਰਿੰਦੇ ਤੇ ਪੁਲੀਸ ਉਨ੍ਹਾਂ ਦੇ ਘਰ ਆ ਕੇ ਸਾਮਾਨ ਦੀ ਫਰੋਲਾ ਫਰਾਲੀ ਕਰਨ ਲੱਗੇ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਪੁਲੀਸ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ। ਇਸੇ ਦੌਰਾਨ ਰੌਲਾ ਪੈਣ ’ਤੇ ਦਲਿਤ ਮੁਹੱਲੇ ਦੇ ਇਕੱਠੇ ਹੋਏ ਲੋਕਾਂ ਨੇ ਪੁਲੀਸ ਤੇ ਸ਼ਰਾਬ ਠੇਕੇਦਾਰਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾ ਲਿਆ। ਪੁਲੀਸ ਤੇ ਕਰਿੰਦਿਆਂ ਨੇ ਆਪਣੇ ਆਪ ਨੂੰ ਘਿਰਿਆ ਵੇਖ ਕੇ ਹੋਰ ਪੁਲੀਸ ਫ਼ੋਰਸ ਮੰਗਵਾ ਲਈ ਤੇ ਬਾਅਦ ’ਚ ਗੱਲਬਾਤ ਰਾਹੀਂ ਮਾਮਲੇ ਨੂੰ ਨਿਪਟਾਉਣ ਦਾ ਯਤਨ ਕੀਤਾ। ਪੁਲੀਸ ਵੱਲੋਂ ਭਵਿੱਖ ਵਿੱਚ ਬੇਲੋੜੇ ਛਾਪੇ ਨਾ ਮਾਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਹੀ ਦਲਿਤ ਭਾਈਚਾਰੇ ਦੇ ਲੋਕਾਂ ਇਹ ਘਿਰਾਉ ਖ਼ਤਮ ਕੀਤਾ।
ਥਾਣੇ ਦੇ ਮੁਖੀ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ’ਤੇ ਪਿੰਡਾਂ ਵਿੱਚੋਂ ਨਾਜਾਇਜ਼ ਸ਼ਰਾਬ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਜਾਇਜ਼ ਸ਼ਰਾਬ ਕੱਢਣ ਜਾਂ ਇਸ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇਗੀ।
ਹੈਰੋਇਨ, ਇਨੋਵਾ ਤੇ ਡਰੱਗ ਮਨੀ ਬਰਾਮਦ
ਬਰਨਾਲਾ (ਰਵਿੰਦਰ ਰਵੀ) ਪੁਲੀਸ ਵੱਲੋਂ ਨਾਕੇਬੰਦੀ ਦੌਰਾਨ ਫੜ੍ਹੇ ਗਏ ਨਸ਼ਾ ਤਸਕਰ ਤੋਂ ਪੁਲੀਸ 273 ਗਰਾਮ ਹੈਰੋਇਨ, 50 ਹਜ਼ਾਰ ਰੁਪਏ ਡਰਗ ਮਨੀ ਤੇ ਇਨੋਵਾ ਗੱਡੀ ਸਮੇਤ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁੱਖੀ ਸੰਦੀਪ ਗੋਇਲ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਏਐੱਸਪੀ ਡਾ. ਪ੍ਰਗਿਆ ਜੈਨ ਮਹਿਲ ਕਲਾਂ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਬਣਾਈ ਵਿਸ਼ੇਸ ਟੀਮ ਵੱਲੋਂ ਕੀਤੀ ਨਾਕੇਬੰਦੀ ਦੌਰਾਨ ਇਨੋਵਾ ਕਾਰ (ਐਚ ਆਰ 12ਜੇ 2005) ਨੂੰ ਰੋਕਣ ’ਤੇ ਲਈ ਤਲਾਸ਼ੀ ਦੌਰਾਨ ਗੱਡੀ ’ਚ 273 ਗਰਾਮ ਹੈਰੋਇਨ, 50ਹਜ਼ਾਰ ਰੁਪਏ ਡਰਗ ਮਨੀ ਯਾਕੂਬ ਮੁਹੰਮਦ ਪੁੱਤਰ ਬੂਟਾ ਖਾਨ ਵਾਸੀ ਪਿੰਡ ਨੱਥੋਵਾਲ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ’ਤੇ ਪਹਿਲਾਂ ਵੀ ਨਸ਼ਾ ਤਸਕਰੀ, ਡਕੈਤੀ, ਸ਼ਰਾਬ ਤਸਕਰੀ, ਲੁੱਟ ਖੋਹ, ਬੈਂਕ ਡਕੈਤੀ ਤੋਂ ਇਲਾਵਾ ਕਰ ਹੋਰ ਜ਼ੁਰਮਾਂ ’ਚ 19 ਪਰਚੇ ਸੂਬੇ ਦੇ ਵੱਖ ਜ਼ਿਲ੍ਹਿਆਂ ’ਚ ਦਰਜ ਹਨ। ਯਾਕੂਬ ਵੱਖ ਵੱਖ ਛੇ ਕੇਸਾਂ ’ਚ ਤਾਂ ਭਗੌੜਾ ਵੀ ਹੈ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਸੁਖਦੇਵ ਸਿੰਘ ਵਿਰਕ ਦੀ ਅਗਵਾਈ ’ਚ ਬਣਾਈ ਟੀਮ ’ਚ ਸ਼ਾਮਲ ਸੀਆਈਏ ਇੰਚਾਰਜ ਬਲਜੀਤ ਸਿੰਘ ਵੱਲੋਂ ਯਾਕੂਬ ਤੋਂ ਕੀਤੀ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ। ਜ਼ਿਨ੍ਹਾਂ ਦੀ ਪੜਤਾਲ ਚੱਲ ਰਹੀ ਹੈ।
ਹਜ਼ਾਰਾਂ ਨਸ਼ੀਆਂ ਗੋਲੀਆਂ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ) ਬਰਨਾਲਾ ਪੁਲੀਸ ਨੇ ਅੱਜ ਤਿੰਨ ਹੋਰ ਵਿਅਕਤੀਆਂ ਤੋਂ ਹਜ਼ਾਰਾਂ ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾਂ ਪੁਲੀਸ ਮੁਖੀ ਸੰਦੀਪ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਗਏ ਤਿੰਨੋਂ ਮੁਲਜ਼ਮ ਜੁਲਫ਼ਕਾਰ ਉਰਫ਼ ਜੁਲਫ਼ੀ ਵਾਸੀ ਮਾਲੇਰਕੋਟਲਾ ਕੋਲੋਂ 12 ਹਜ਼ਾਰ ਨਸ਼ੇ ਦੀਆਂ ਗੋਲੀਆਂ, ਬਿੱਟੂ ਰਾਮ ਵਾਸੀ ਪੱਖੋਂਕਲਾਂ ਤੇ ਅਮਨ ਸਿੰਗਲਾ ਵਾਸੀ ਬਰਨਾਲਾ ਕੋਲੋਂ 10 ਹਜ਼ਾਰ ਨਸ਼ੇ ਦੀਆਂ ਗੋਲੀਆਂ ਤੇ ਆਈ 20 ਕਾਰ ਬਰਾਮਦ ਕੀਤੀ ਗਈ ਹੈ। ਜੁਲਫ਼ਕਾਰ ਮਾਲੇਰਕੋਟਲਾ ’ਚ ਅਲੀ ਮੈਡੀਕਲ ਹਾਲ ਚਲਾਉਂਦਾ ਹੈ ਤੇ ਬਿੱਟੂ ਰਾਮ ਵੀ ਪਿੰਡ ਪੱਖੋਂਕਲਾਂ ’ਚ ਗਰਗ ਮੈਡੀਕਲ ਸਟੋਰ ਚਲਾਉਂਦਾ ਹੈ।