ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ’ਤੇ ਪੁਲੀਸ ਦੀ ਘੇਰਾਬੰਦੀ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਮਈ
ਗੁਆਂਢੀ ਸੂਬੇ ਹਰਿਆਣਾ ਦੀ ਹੱਦ ਵਾਲੇ ਪਾਸਿਓਂ ਆਉਂਦੇ ਨਸ਼ਿਆਂ ਨੂੰ ਰੋਕਣ ਲਈ ਮਾਨਸਾ ਪੁਲੀਸ ਨੇ ਨਾਕਾਬੰਦੀ ਆਰੰਭ ਕਰ ਦਿੱਤੀ ਹੈ। ਰਾਜ ਵਿੱਚ ਜਦੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚੱਲ ਰਹੀ ਹੈੈ ਤਾਂ ਉਸ ਸਮੇਂ ਮਾਨਸਾ ਪੁਲੀਸ ਨੇ ਇਸ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦਿੱਲੀ, ਰਾਜਸਥਾਨ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ’ਚੋਂ ਇਸ ਖੇਤਰ ਵਿੱਚ ਨਸ਼ਾ ਲੈ ਕੇ ਆਉਂਦੇ ਮਸ਼ਕੂਕਾਂ ਨੂੰ ਪੰਜਾਬ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜਾਵੇ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਨਸਾ ਅਤੇ ਸਿਰਸਾ (ਹਰਿਆਣਾ) ਵਿਚਕਾਰ ਪਿੰਡ ਝੰਡਾ ਖੁਰਦ, ਸੰਘਾ, ਕਾਹਨੇਵਾਲਾ, ਸੂਰਤੀਆ ਰੋਡ, ਪਿੰਡ ਜੌੜਕੀਆਂ ਵਿੱਚ ਇਹ ਅੰਤਰਰਾਜੀ ਨਾਕਾਬੰਦੀ ਆਰੰਭ ਕੀਤੀ ਗਈ ਹੈ ਜਦੋਂਕਿ ਮਾਨਸਾ ਅਤੇ ਫਤਿਆਬਾਦ (ਹਰਿਆਣਾ) ਵਿਚਕਾਰ ਪਿੰਡ ਆਹਲੂਪੁਰ, ਮੋਡਾ, ਲੱਖੀਵਾਲ ਅਤੇ ਗੋਰਖਨਾਥ ਵਿਚਕਾਰ ਅਜਿਹੀ ਅੰਤਰਰਾਜੀ ਨਾਕੇਬੰਦੀ ਦੌਰਾਨ ਪਹਿਰੇਦਾਰੀ ਕਾਇਮ ਕਰ ਦਿੱਤੀ ਗਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਮਾਨਸਾ ਪੁਲੀਸ ਨੇ ਜ਼ਿਲ੍ਹੇ ਦੇ ਗੁਆਂਢੀ ਸੂਬੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੀਲ ਕੀਤਾ ਗਿਆ। ਪੁਲੀਸ ਵੱਲੋਂ ਅਪਰੇਸ਼ਨ ਸੀਲ-13 ਥਾਵਾਂ ’ਤੇ ਕੀਤਾ ਗਿਆ ਹੈ, ਜਿਸ ਦੌਰਾਨ ਜ਼ਿਲ੍ਹੇ ਅੰਦਰ ਦਾਖ਼ਲ ਹੋਣ ਵਾਲਿਆਂ ਦੀ ਥਾਵਾਂ ’ਤੇ ਪੁਲੀਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ‘ਅਪਰੇਸ਼ਨ ਸੀਲ-13’ ਤਹਿਤ ਕੀਤੀ ਗਈ ਨਾਕਾਬੰਦੀ ਦੌਰਾਨ 211 ਵਾਹਨਾਂ, 59 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ’ਚੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਅਤੇ ਬੀਐੱਨਐੱਸ ਤਹਿਤ 3 ਮੁੱਕਦਮੇ ਦਰਜ ਕਰਕੇ 3 ਗ੍ਰਾਮ ਹੈਰੋਇਨ, 145 ਕੈਪਸੂਲ ਸਿਗਨੇਚਰ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 25 ਵਾਹਨਾਂ ਦੇ ਟਰੈਫ਼ਿਕ ਚਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਮੱਗਲਰਾ ਦੇ ਘਰਾਂ/ਟਿਕਾਣਿਆਂ ਪਰ ਰੇਡਾਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਹਿਰਾਂ/ਪਿੰਡਾਂ ਦੇ ਸਕੂਲ ਵਿੱਚ ਨਸ਼ਿਆਂ ਸਬੰਧੀ ਸੈਮੀਨਰ ਕਰਕੇ ਨੌਜਵਾਨਾਂ/ਬੱਚਿਆ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਗੇ ਤੋਂ ਵੀ ਅੰਤਰਰਾਜੀ ਨਾਕਾਬੰਦੀਆਂ ਨਾਲ ਹੱਦਾਂ ਸੀਲ ਕਰਕੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ, ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ।