ਮੋਬਾਈਲ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲਾ ਗਰੋਹ ਪੁਲੀਸ ਅੜਿੱਕੇ
ਲੰਬੇ ਸਮੇਂ ਤੋਂ ਟਾਵਰਾਂ ਤੋਂ ਕੀਮਤੀ ਸਾਮਾਨ ਕਰ ਰਿਹਾ ਸੀ ਚੋਰੀ
ਫ਼ਤਹਿਗੜ੍ਹ ਪੰਜਤੂਰ ਪੁਲੀਸ ਨੇ ਮੋਬਾਈਲ ਟਾਵਰਾਂ ਤੋਂ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਤਿੰਨ ਮੈਂਬਰੀ ਗਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲੀਸ ਨੇ ਉਨ੍ਹਾਂ ਨੂੰ ਨੇੜਲੇ ਪਿੰਡ ਕਿੱਲੀ ਗਾਂਧਰਾ ਦੇ ਮੋਬਾਈਲ ਟਾਵਰ ਤੋਂ ਕੀਮਤੀ ਸਾਮਾਨ ਚੋਰੀ ਕਰਦੇ ਰੰਗੇ ਹੱਥੀਂ ਕਾਬੂ ਕੀਤਾ ਹੈ।
ਮੁੱਖ ਥਾਣਾ ਅਫ਼ਸਰ ਭਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਰਾਤ ਚੋਰ ਗਰੋਹ ਦੇ ਉਕਤ ਮੈਂਬਰ ਲਵਪ੍ਰੀਤ ਸਿੰਘ ਉਰਫ਼ ਲਵੀ, ਜਸਪ੍ਰੀਤ ਸਿੰਘ ਅਤੇ ਜਿਉਣ ਸਿੰਘ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਕਿੱਲੀ ਗਾਂਧਰਾ ਦੇ ਇੱਕ ਪ੍ਰਾਈਵੇਟ ਮੋਬਾਈਲ ਟਾਵਰ ਉੱਤੇ ਪੁੱਜੇ ਅਤੇ ਬੈਟਰੀਆਂ ਸਮੇਤ ਕੀਮਤੀ ਸਾਮਾਨ ਲਾਹੁਣ ਦੀ ਕੋਸ਼ਿਸ਼ ਕਰਨ ਲੱਗੇ।
ਇਸੇ ਦੌਰਾਨ ਛੇੜਛਾੜ ਕਰਦੇ ਸਮੇਂ ਟਾਵਰ ਵਿੱਚ ਲੱਗਿਆ ਸੁਰੱਖਿਆ ਅਲਾਰਮ (ਸਕਿਓਰਿਟੀ ਅਲਾਰਮ) ਚਾਲੂ ਹੋ ਗਿਆ। ਜਦੋਂ ਟਾਵਰ ਉੱਤੇ ਹੋ ਰਹੀ ਗਤੀਵਿਧੀ ਦੀ ਸੂਚਨਾ ਸਕਿਓਰਿਟੀ ਸੁਪਰਵਾਈਜ਼ਰ ਗੁਰਮੇਜ ਸਿੰਘ ਤੱਕ ਪੁੱਜੀ ਤਾਂ ਉਹ ਆਪਣੀ ਟੀਮ ਨਾਲ ਤੁਰੰਤ ਘਟਨਾ ਸਥਾਨ ਉੱਤੇ ਪੁੱਜ ਗਏ ਅਤੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ।
ਥਾਣਾ ਮੁੱਖੀ ਮੁਤਾਬਕ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਮੋਬਾਈਲ ਟਾਵਰਾਂ ਤੋਂ ਕੀਮਤੀ ਸਾਮਾਨ ਚੋਰੀ ਕਰਕੇ ਅੱਗੇ ਵੇਚਦੇ ਹਨ। ਪੁਲੀਸ ਮੁਲਜ਼ਮਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਛਾਣਬੀਣ ਕਰ ਰਹੀ ਹੈ।

