
ਬਲਜੀਤ ਸਿੰਘ
ਸਰਦੂਲਗੜ੍ਹ, 5 ਫਰਵਰੀ
ਘੱਗਰ ਵਿੱਚ ਮੁੜ ਕੈਮੀਕਲ ਵਾਲਾ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ’ਚ ਸਹਿਮ ਹੈ। ਸਰਦੂਲਗੜ੍ਹ ਵਾਸੀ ਕੌਂਸਲਰ ਸੁਖਵਿੰਦਰ ਸਿੰਘ ਸੁੱਖਾ ਭਾਊ, ਬਿਕਰਮ ਸਿੰਘ, ਬੁੱਬੂ ਕੁਮਾਰ, ਮੇਵਾ ਸਿੰਘ, ਕਮਲੇਸ਼ ਰਾਣੀ, ਮੂਰਤੀ ਦੇਵੀ ਅਤੇ ਵਿਜੈ ਕੁਮਾਰ ਨੇ ਦੱਸਿਆ ਕਿ ਪਿਛਲੇ 30-35 ਸਾਲਾਂ ਤੋਂ ਹੀ ਘੱਗਰ ’ਚ ਪ੍ਰਦੂਸ਼ਿਤ ਪਾਣੀ ਆ ਰਿਹਾ ਹੈ। ਹੁਣ ਤੱਕ ਦੀਆਂ ਰਾਜ ਕਰ ਚੁੱਕੀਆਂ ਸਰਕਾਰਾਂ ਅਤੇ ਲੀਡਰਾਂ ਨੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਕੀਤਾ। ਹੁਣ ਆਮ ਆਦਮੀ ਦੀ ਭਗਵੰਤ ਮਾਨ ਸਰਕਾਰ ਤੋਂ ਆਸ ਸੀ ਕਿ ਇਸ ਵੱਡੀ ਮੁਸ਼ਕਲ ਦਾ ਹੱਲ ਜ਼ਰੂਰ ਹੋਵੇਗਾ। ਸਰਕਾਰ ਬਣਨ ਤੋਂ ਲੈਕੇ ਹੁਣ ਤੱਕ ਘੱਗਰ ’ਚ ਸਾਫ ਪਾਣੀ ਆਉਂਦਾ ਰਿਹਾ। ਕਿਉਂਕਿ ਕਾਰਖਾਨੇ ਤੇ ਫੈਕਟਰੀਆਂ ਦੇ ਮਾਲਕਾਂ ਨੇ ਘੱਗਰ ’ਚ ਜ਼ਹਿਰੀਲਾ ਪਾਣੀ ਛੱਡਣਾ ਬੰਦ ਕਰ ਦਿੱਤਾ ਸੀ, ਜਿਸ ਕਰਕੇ ਘੱਗਰ ਕਿਨਾਰੇ ਵੱਸਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਹੱਲ ਹੋ ਗਈ ਹੈ ਪਰ ਪਿਛਲੇ ਇੱਕ ਹਫਤੇ ਤੋਂ ਘੱਗਰ ’ਚ ਫਿਰ ਤੋਂ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਵੱਗਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਘੱਗਰ ਹਜ਼ਾਰਾਂ ਮੱਛੀਆਂ ਤੇ ਹੋਰ ਜੀਵ-ਜੰਤੂ ਮਰ ਚੁੱਕੇ ਹਨ। ਘੱਗਰ ਦੇ ਪ੍ਰਦੂਸ਼ਿਤ ਪਾਣੀ ’ਚੋਂ ਬਹੁਤ ਬਦਬੂ ਆਉਂਦੀ ਹੈ, ਜਿਸ ਵਿਚ ਸਾਹ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਰਾਤ ਸਮੇਂ ਇਹ ਬਦਬੂ ਹੋਰ ਵੀ ਪ੍ਰੇਸ਼ਾਨ ਕਰਦੀ ਹੈ। ਲੋਕਾਂ ਨੂੰ ਇਸ ਦੂਸ਼ਿਤ ਪਾਣੀ ਤੇ ਬਦਬੂ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਕਿਨਾਰੇ ਵੱਸਦੇ ਪਿੰਡਾਂ ’ਚ ਤਾਂ ਪਹਿਲਾਂ ਹੀ ਕਈ ਬਿਮਾਰੀਆਂ ਨੇ ਪੈਰ ਪਸਾਰੇ ਹੋਏ ਹਨ ਅਤੇ ਹੁਣ ਹੋਰ ਵੀ ਬਿਮਾਰੀਆਂ ਲੱਗਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਘੱਗਰ ਦਰਿਆ ’ਚ ਕੈਮੀਕਲ ਵਾਲਾ ਪ੍ਰਦੂਸ਼ਿਤ ਪਾਣੀ ਸੁੱਟਣ ਵਾਲੇ ਕਾਰਖਾਨੇ, ਫੈਕਟਰੀਆਂ ਤੇ ਉਦਯੋਗਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ