ਗੁਲਾਬੀ ਸੁੰਡੀ: ਲੰਬੀ ਹਲਕੇ ਦੇ ਡੇਢ ਦਰਜਨ ਪਿੰਡ ਮੁਆਵਜ਼ਾ ਸੂਚੀ ’ਚੋਂ ਬਾਹਰ

ਗੁਲਾਬੀ ਸੁੰਡੀ: ਲੰਬੀ ਹਲਕੇ ਦੇ ਡੇਢ ਦਰਜਨ ਪਿੰਡ ਮੁਆਵਜ਼ਾ ਸੂਚੀ ’ਚੋਂ ਬਾਹਰ

ਲੰਬੀ ਵਿੱਚ ਸਬ-ਤਹਿਸੀਲ ਦਫ਼ਤਰ ਦਾ ਘਿਰਾਓ ਕਰਦੇ ਹੋਏ ਕਿਸਾਨ। -ਫੋਟੋ: ਸ਼ਾਂਤ

ਪੱਤਰ ਪ੍ਰੇਰਕ

ਲੰਬੀ, 28 ਜਨਵਰੀ 

ਲੰਬੀ ਹਲਕੇ ਦੇ ਕਰੀਬ ਡੇਢ ਦਰਜਨ ਪਿੰਡਾਂ ਨੂੰ ਸਰਕਾਰ ਨੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਦੇਣ ਤੋਂ ਵਾਂਝਾ ਕਰ ਦਿੱਤਾ ਹੈ। ਜਿਸ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸਬ ਤਹਿਸੀਲ ਲੰਬੀ ਮੂਹਰੇ ਧਰਨਾ ਲਾ ਕੇ ਤਿੱਖਾ ਰੋਸ ਜਤਾਇਆ ਗਿਆ। ਕਿਸਾਨਾਂ ਮੁਤਾਬਕ ਮਾਲ ਵਿਭਾਗ ਨੇ ਲੰਬੀ ਲਾਪਰਵਾਹੀ ਨਾਲ ਹਲਕੇ ਦੇ ਪਿੰਡ ਭੁੱਲਰਵਾਲਾ, ਮਾਨ, ਗੱਗੜ, ਘੁਮਿਆਰਾ, ਕੱਖਾਂਵਾਲੀ, ਚੰਨੂ, ਸਿੱਖਵਾਲਾ, ਢਾਣੀ ਤੇਲਿਆਂਵਾਲੀ ਸਮੇਤ ਹੋਰਨਾਂ ਪਿੰਡਾਂ ਨੂੰ ਮੁਆਵਜ਼ਾ ਸੂਚੀ ਵਿੱਚੋਂ ਕੱਢ ਦਿੱਤਾ। ਜਦਕਿ ਗੁਲਾਬੀ ਸੁੰਡੀ ਨੇ ਮਾਲਵੇ ਦੇ ਹੋਰਨਾਂ ਪਿੰਡਾਂ ਵਾਂਗ ਇਨ੍ਹਾਂ ਪਿੰਡਾਂ ’ਚ ਵੀ ਫ਼ਸਲ ਦਾ ਨੁਕਸਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰ ਵੱਲੋਂ ਕਿਸਾਨ ਸੰਘਰਸ਼ ਤੋਂ ਬਾਅਦ ਐਲਾਨੀ ਨਿਗੁਣੀ ਮੱਦਦ ਦੇਣ ਤੋਂ ਵੀ ਹੱਥ ਖਿੱਚ ਲਏ ਹਨ। ਇਸ ਅਣਦੇਖੀ ਨਾਲ ਪ੍ਰਸ਼ਾਸਨ ਦੀ ਕਿਸਾਨ ਵਿਰੋਧੀ ਨੀਤੀ ਉਜਾਗਰ ਹੋਈ ਹੈ। ਕਿਸਾਨ ਆਗੂਆਂ ਭੁਪਿੰਦਰ ਚੰਨੂ, ਹਰਪਾਲ ਸਿੰਘ, ਦਲਜੀਤ ਸਿੰਘ ਮਿਠੜੀ, ਮਲਕੀਤ ਸਿੰਘ ਗੱਗੜ, ਜਸਵੀਰ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਦਵਿੰੰਦਰ ਸਿੰਘ ਮਾਨ, ਐਮ.ਪੀ. ਭੁੱਲਰਵਾਲਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰ ਵੱਲੋਂ ਮੁਆਵਜ਼ੇ ਬਾਰੇ ਨਾ ਅਜੇ ਤੱਕ ਬਾਕੀ ਪਿੰਡਾਂ ਦੇ ਕਿਸਾਨਾਂ ਦੀ ਸੂਚੀ ਜਾਰੀ ਕੀਤੀ ਅਤੇ ਨਾ ਮੁਆਵਜ਼ਾ ਵੰਡਿਆ ਹੈ। ਦਫ਼ਤਰ ਦੇ ਘਿਰਾਓ ਉਪਰੰਤ ਤਹਿਸੀਲਦਾਰ ਨੇ ਕਿਸਾਨਾਂ ਨੂੰ ਸੋਮਵਾਰ ਨੂੰ ਲੰਬੀ ਬਲਾਕ ਦੇ ਪਟਵਾਰੀਆਂ, ਕਾਨੂੰਨਗੋਆਂ ਦੀ ਮੀਟਿੰਗ ਬੁਲਾ ਕੇ ਸੂਚੀਆਂ ਬਣਵਾਉਣ ਅਤੇ ਬਕਾਇਆ ਪਿੰਡਾਂ ਦੀਆਂ ਸੂਚੀਆਂ ਬਣਵਾਉਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਗੁਲਾਬੀ ਸੁੰਡੀ ਦੇ ਮੁਆਵਜ਼ੇ ਖਾਤਰ ਭਾਕਿਯੂ ਏਕਤਾ ਉਗਰਾਹਾਂ ਨੇ ਵੱਡਾ ਸੰਘਰਸ਼ ਵਿੱਢ ਕੇ 15 ਦਿਨਾਂ ਤੱਕ ਬਾਦਲ ਪਿੰਡ ’ਚ ਵਿੱਤ ਮਨਪ੍ਰੀਤ ਬਾਦਲ ਦਾ ਬੂਹਾ ਘੇਰਿਆ ਅਤੇ ਪੰਜ ਦਿਨ ਬਠਿੰਡਾ ਸਕੱਤਰੇਤ ਘੇਰੀ ਰੱਖੀ ਸੀ। 

ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਲਈ ਅੱਜ ਮਾਨਸਾ ਸਮੇਤ ਕਈ ਥਾਵਾਂ ’ਤੇ ਜਥੇਬੰਦੀਆਂ ਝੰਡਾ ਚੁੱਕ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਮੁਆਵਜ਼ਾ ਨਾ ਮਿਲਣ ਦੇ ਵਿਰੋਧ ਵਜੋਂ ਤਿੰਨ ਪਿੰਡਾਂ ਭੈਣੀਬਾਘਾ, ਮੂਸਾ ਅਤੇ ਕੋਟੜਾ ਦੇ ਕਿਸਾਨਾਂ ਨੇ ਪਟਵਾਰਖਾਨੇ ਅੱਗੇ ਪੰਜਾਬ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਬਲਾਕ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਨਾ-ਮਾਤਰ ਮੁਆਵਜ਼ਾ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ, ਪਰ ਅਜੇ ਤੱਕ ਵੱਡੀ ਗਿਣਤੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਏ।    

ਸਿਰਸਾ ’ਚ ਕਿਸਾਨਾਂ ਨੇ ਮੁੜ ਲਾਇਆ ਪੱਕਾ ਮੋਰਚਾ

ਸਿਰਸਾ (ਪ੍ਰਭੂ ਦਿਆਲ): ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦੇ ਮੁਆਵਜ਼ੇ ਤੋਂ ਇਲਾਵਾ ਨਹਿਰਾਂ ਵਿੱਚ ਪੰਦਰਾਂ ਦਿਨ ਪਾਣੀ ਦੇਣ, ਟਿਊਬਵੈੱਲਾਂ ਦੇ ਬਿਜਲੀ ਕੁਨੈਕਸ਼ਨ ਦੇਣ ਆਦਿ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਇਕ ਵਾਰ ਫੇਰ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ। ਕਿਸਾਨ ਆਪਣੇ ਟਰੈਕਟਰ ਟਰਾਲੀਆਂ ’ਤੇ ਬੋਰੀ ਬਿਸਤਰਾ ਲੱਦ ਕੇ ਲੈ ਆਏ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ਤੋਂ ਬਾਅਦ ਇਕ ਵਾਰ ਫਿਰ ਕਿਸਾਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਲਈ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇਕ ਸਾਲ ਤੱਕ ਪੱਕਾ ਮੋਰਚਾ ਲਾਇਆ ਗਿਆ ਸੀ। ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨ ਆਗੂ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਕਿਸਾਨ ਆਪਣੀਆਂ ਲੋਕਲ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਰਹੇ ਸਨ ਪਰ ਅਧਿਕਾਰੀਆਂ ਦੀ ਉਦਾਸੀਨਤਾ ਕਾਰਨ ਉਨ੍ਹਾਂ ਨੂੰ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਆਖਿਆ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All