ਮਾਲਵਾ ਖਿੱਤੇ ਵਿੱਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ : The Tribune India

ਮਾਲਵਾ ਖਿੱਤੇ ਵਿੱਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

ਮਾਲਵਾ ਖਿੱਤੇ ਵਿੱਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

ਮਾਨਸਾ ਵਿੱਚ ਸਵੇਰ ਵੇਲੇ ਇਕ ਸੜਕ ’ਤੇ ਪਈ ਧੁੰਦ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 7 ਦਸੰਬਰ

ਮਾਲਵਾ ਖੇਤਰ ਵਿੱਚ ਭਾਵੇਂ ਕਿ ਅਜੇ ਠੰਢ ਦਾ ਪ੍ਰਕੋਪ ਜ਼ਿਆਦਾ ਨਹੀਂ ਵਧਿਆ ਹੈ ਪਰ ਬੀਤੇ ਦਿਨ ਤੋਂ ਧੁੰਦ ਪੈਣੀ ਆਰੰਭ ਹੋ ਗਈ ਹੈ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਇਸ ਧੁੰਦ ਕਾਰਨ ਦੇਖਣ ਦੀ ਸਮਰੱਥਾ ਘੱਟ ਕੇ 100 ਮੀਟਰ ਤੱਕ ਰਹਿ ਗਈ ਦੱਸੀ ਜਾਂਦੀ ਹੈ। ਪੰਜਾਬ ਪੁਲੀਸ ਨੇ ਧੁੰਦ ਨੂੰ ਦੇਖਦਿਆਂ ਟਰੈਫ਼ਿਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ, ਜਿਸ ਤਹਿਤ ਵਾਹਨ ਚਾਲਕਾਂ ਨੂੰ ਇਸ ਧੁੰਦ ਵਿੱਚ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਟਰੈਫ਼ਿਕ ਐਡਵਾਈਜ਼ਰੀ ਵਿੱਚ ਸਾਈਕਲ, ਟਰੈਕਟਰ-ਟਰਾਲੀ, ਰੇਹੜੀਆਂ ਸਮੇਤ ਹੋਰ ਹਰ ਤਰ੍ਹਾਂ ਦੇ ਵਾਹਨਾਂ ਪਿੱਛੇ ਰਿਫਲੈਕਟਰ ਲਾਈਟਾਂ ਲਾਉਣੀਆਂ ਜ਼ਰੂਰੀ ਦੱਸੀਆਂ ਗਈਆਂ ਹਨ ਅਤੇ ਦੋ ਪਹੀਆ ਵਾਹਨ ਚਾਲਕ ਰਿਫਲੈਕਟਰ ਜੈਕਟ ਵੀ ਪਹਿਨ ਸਕਦੇ ਹਨ।

ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਹ ਧੁੰਦ ਮਾਨਸਾ, ਬਰਨਾਲਾ, ਫ਼ਰੀਦਕੋਟ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਰੋਪੜ ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਪੈ ਰਹੀ ਹੈ। ਇਸ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਵੈਨਾਂ ਤੇ ਲੰਬੇ ਰੂਟਾਂ ’ਤੇ ਜਾਣ ਵਾਲੀਆਂ ਬੱਸਾਂ ਦੇ ਚਾਲਕਾਂ ਨੂੰ ਵੀ ਦਿੱਕਤ ਪੇਸ਼ ਆ ਰਹੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਭੇਜੀ ਗਈ ਇੱਕ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅਗਲੇ 48 ਘੰਟਿਆਂ ਦੌਰਾਨ ਸਵੇਰ ਵੇਲੇ ਇਸੇ ਤਰ੍ਹਾਂ ਧੁੰਦ ਪਵੇਗੀ, ਜਿਸ ਦਾ ਜਨ-ਜੀਵਨ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਛੇਤੀ ਹੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸੰਘਣੀ ਧੁੰਦ ਪੈਣ ਦੀਆਂ ਸੰਭਾਵਨਾਵਾਂ ਹਨ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਲਟ ਇਸ ਵਾਰ ਘੱਟੋ-ਘੱਟ ਤਾਪਮਾਨ 10 ਡਿਗਰੀ ਚੱਲ ਰਿਹਾ ਹੈ, ਜਦੋਂ ਕਿ ਆਮ ਤੌਰ ’ਤੇ ਦਸੰਬਰ ਦੇ ਪਹਿਲੇ ਹਫ਼ਤੇ ਇਹ ਪਾਰਾ 5 ਡਿਗਰੀ ਤੋਂ ਵੀ ਹੇਠਾਂ ਆ ਜਾਂਦਾ ਸੀ। ਭਾਵੇਂ ਕਿ ਰਾਤ ਦੀ ਸਰਦੀ ਤਾਂ ਪੈਣ ਲੱਗੀ ਹੈ ਪਰ ਅਜੇ ਹੱਥ ਨਹੀਂ ਕੰਬਣ ਲੱਗੇ ਹਨ।

ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਇਹ ਧੁੰਦ ਹਾੜ੍ਹੀ ਦੀਆਂ ਤਕਰੀਬਨ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਸਾਬਿਤ ਹੋਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All