ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਆਗੂ ਮਨਪ੍ਰੀਤ ਸਿੰਘ ਇਯਾਲੀ, ਬਰਜਿੰਦਰ ਸਿੰਘ ਮੱਖਣ ਬਰਾੜ ਤੇ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਕਿਹਾ ਕਿ ਹਾਕਮ ਧਿਰ ਹਰ ਜ਼ਿਮਨੀ ਚੋਣ ’ਚ ਨਵੇਂ ਵਾਅਦੇ ਕਰਕੇ ਚੋਣਾਂ ਬਾਅਦ ਭੁੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ’ਚ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ’ਚ ਚੋਣ ਪ੍ਰਚਾਰ ਨੇ ਹੁਣ ਜ਼ੋਰ ਫੜ ਲਿਆ ਹੈ। ਹਰ ਪਿੰਡ ਵਿੱਚ ਨੌਜਵਾਨਾਂ, ਬਜ਼ੁਰਗਾਂ ਤੇ ਮਹਿਲਾਵਾਂ ਵੱਲੋਂ ਖਾਲਸਾ ਨੂੰ ਸਮਰਥਨ ਮਿਲ ਰਿਹਾ ਹੈ। ਜੋ ਇਸ ਗੱਲ ਦਾ ਸੰਕੇਤ ਹੈ ਕਿ ਤਰਨ ਤਾਰਨ ਦੇ ਲੋਕ ਸੱਚੀ ਨੁਮਾਇੰਦਗੀ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਭਾਈ ਮਨਦੀਪ ਸਿੰਘ ਖਾਲਸਾ ਸੁਲਝੇ ਹੋਏ ਆਗੂ ਹਨ ਅਤੇ ਇਹ ਚੋਣ ਸਿਰਫ ਇੱਕ ਵਿਅਕਤੀ ਦੀ ਜਿੱਤ ਨਹੀਂ, ਸਗੋਂ ਪੰਥ ਦੀ ਆਵਾਜ ਨੂੰ ਮਜ਼ਬੂਤ ਬਣਾਉਣ ਦਾ ਮੌਕਾ ਹੈ। ਇਯਾਲੀ ਨੇ ਕਿਹਾ ‘ਆਪ’ ਸਰਕਾਰ ਨੇ ਪਹਿਲਾਂ ਲੈਂਡ ਪੂਲਿੰਗ ਰਾਹੀਂ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਬਿਜਲੀ ਬੋਰਡ ਅਤੇ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਰਨ ਤਾਰਨ ਵਿੱਚ ਵੱਡਾ ਰਾਜਨੀਤਕ ਬਦਲਾਅ ਆਵੇਗਾ।

