ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
ਕਰੋਨਾ ਮਹਾਮਾਰੀ ਨਾਲ ਲੜੀ ਜਾ ਰਹੀ ਸਿੱਧੀ ਲੜਾਈ ਵਿੱਚ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ। ਮਾਨਸਾ ਦੀਆਂ 20 ਪੰਚਾਇਤਾਂ ਦੇ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰ ਲਾਂਬਾ ਨੂੰ ਪੰਚਾਇਤੀ ਮਤਿਆਂ ਦੀਆਂ ਕਾਪੀਆਂ ਦਿਖਾਉਂਦਿਆਂ ਭਰੋਸਾ ਦਿਵਾਇਆ ਕਿ ਉਹ ਕਰੋਨਾ ਮਹਾਮਾਰੀ ਨਾਲ ਨਜਿੱਠਣ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਸਰਕਾਰੀ ਮੁਹਿੰਮਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਸਿਹਤ ਵਿਭਾਗ ਨਾਲ ਖੜਨ ਦਾ ਐਲਾਨ ਕੀਤਾ। ਇਸ ਮੌਕੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ, ਬਲਾਕ ਸਮਿਤੀ ਮਾਨਸਾ ਦੇ ਚੇਅਰਮੈਨ ਜਗਚੰਨਣ ਸਿੰਘ, ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ, ਸਰਪੰਚ ਹਰਬੰਸ ਸਿੰਘ ਭਾਈਦੇਸਾ, ਸਰਪੰਚ ਜਗਸੀਰ ਸਿੰਘ ਬਰਨਾਲਾ, ਸਰਪੰਚ ਕਮਲਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਅਤੇ ਪੰਚ ਰਾਮ ਸਿੰਘ ਉੱਭਾ ਆਦਿ ਵੀ ਹਾਜ਼ਰ ਸਨ।
ਟੱਲਵਾਲ (ਲਖਵੀਰ ਸਿੰਘ ਚੀਮਾ): ਕਰੋਨਾ ਮਹਾਮਾਰੀ ਦੇ ਸੰਕਟ ਨਾਲ ਨਜਿੱਠਣ ਲਈ ਕੁਝ ਪਿੰਡਾਂ ਦੀਆਂ ਪੰਚਾਇਤਾਂ ਦੇ ਵਿਰੋਧ ਤੋਂ ਬਾਅਦ ਹੁਣ ਪਿੰਡਾਂ ਦੇ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਲਈ ਅੱਗੇ ਆਉਣ ਲੱਗੇ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਚੀਮਾ ਵਿੱਚ ਕਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਕਰੋਨਾਵਾਇਰਸ ਦਾ ਟੈਸਟ ਕਰਵਾਇਆ। ਇਸ ਮੌਕੇ ਜਿੱਥੇ ਪੰਚਾਇਤੀ ਨੁਮਾਇੰਦਿਆਂ ਅਤੇ ਹੋਰਾਂ ਨੇ ਪਰਿਵਾਰਾਂ ਸਮੇਤ ਟੈਸਟ ਕਰਵਾਇਆ, ਉੱਥੇ ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਨੇ ਵੀ ਆਪਣੀ ਇੱਛਾ ਨਾਲ ਅੱਜ ਕਰੋਨਾ ਟੈਸਟ ਕਰਾਇਆ ਹੈ ਤੇ ਟੈਸਟ ਬਿਲਕੁਲ ਮੁਫ਼ਤ ਹੋਇਆ ਹੈ। ਕਰੋਨਾ ਟੈਸਟ ਕਰਵਾਉਣ ਮੌਕੇ ਜੀਓਜੀ ਮੇਘ ਸਿੰਘ ਫ਼ੌਜੀ, ਸਾਬਕਾ ਇੰਸਪੈਕਟਰ ਜਸਪਾਲ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਅਤੇ ਪਰਮਜੀਤ ਕੌਰ ਚੀਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਿਹਤਯਾਬੀ ਲਈ ਟੈਸਟ ਕਰਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਤੇ ਪਰਿਵਾਰਾਂ ਦਾ ਬਚਾਅ ਕਰ ਸਕੀਏ।
ਭਾਈਰੂਪਾ (ਪੱਤਰ ਪ੍ਰੇਰਕ): ਸਿਹਤ ਕੇਂਦਰ ਰਾਈਆ ’ਚ ਡਾਕਟਰ ਹਰਦੀਪ ਸਿੰਘ ਸੀਐੱਚਓ, ਪ੍ਰਭਜੋਤ ਕੌਰ ਸੀਐੱਚਓ ਅਤੇ ਸੁਨੀਤਾ ਰਾਣੀ ਲੈਬ ਟੈਕਨੀਸ਼ੀਅਨ ਦੀ ਅਗਵਾਈ ’ਚ ਕਰੋਨਾਵਾਇਰਸ ਕੋਵਿਡ-19 ਦੀ ਟੈਸਟਿੰਗ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਗ੍ਰਾਮ ਪੰਚਾਇਤ, ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ, ਸੇਵਾ ਕੇਂਦਰ ਦੇ ਮੁਲਾਜ਼ਮ, ਪਿੰਡ ਵਿੱਚ ਆਰਐੱਮਪੀ ਦੇ ਤੌਰ ’ਤੇ ਕੰਮ ਕਰ ਰਹੇ ਡਾਕਟਰ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਸਿਹਤ ਵਿਭਾਗ ਦੀ ਟੀਮ ਦਾ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਅਫਵਾਹਾਂ ਤੋਂ ਦੂਰ ਰਹਿ ਕੇ ਲੋਕਾਂ ਨੇ ਬੇਝਿਜਕ ਹੋ ਕੇ ਕਰੋਨਾ ਟੈਸਟ ਕਰਵਾਏ।
ਡਿਪਟੀ ਕਮਿਸ਼ਨਰ ਵੱਲੋਂ ਚੀਮਾ ਵਾਸੀਆਂ ਦੀ ਸ਼ਲਾਘਾ
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫ਼ੂਲਕਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਕੈਂਪ ਵਿੱਚ ਵੱਡੀ ਗਿਣਤੀ ਚੀਮਾ ਵਾਸੀਆਂ ਵੱਲੋਂ ਸਵੈ ਇੱਛਾ ਨਾਲ ਟੈਸਟ ਕਰਾਉਣਾ ਸ਼ਲਾਘਾਯੋਗ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਵਿੱਚ ਕਰੋਨਾ ਟੈਸਟਿੰਗ ਪ੍ਰਤੀ ਡਰ ਅਤੇ ਗਲਤ ਧਾਰਨਾਵਾਂ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਨਾਂ ਯਤਨਾਂ ਬਦੌਲਤ ਜ਼ਿਲ੍ਹੇ ਵਿੱਚ ਟੈਸਟਿੰਗ ਦਰ ਕਾਫੀ ਵਧ ਗਈ ਹੈ, ਖਾਸ ਕਰ ਕੇ ਪਿੰਡਾਂ ਦੇ ਲੋਕ ਟੈਸਟਿੰਗ ਲਈ ਅੱਗੇ ਆਉਣ ਲੱਗੇ ਹਨ।