
ਸ਼ਹਿਰ ਅੰਦਰ ਲੱਗੀਆਂ ਵਾਹਨਾਂ ਦੀਆਂ ਕਤਾਰਾਂ।
ਪੱਤਰ ਪ੍ਰੇਰਕ
ਬਾਘਾ ਪੁਰਾਣਾ, 7 ਫਰਵਰੀ
ਆਵਾਜਾਈ ਦੀ ਸਮੱਸਿਆ ਕਾਰਨ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਚੌਕ ਵਿੱਚੋਂ ਸਵਾਰੀਆਂ ਚੜ੍ਹਾਉਣ ਵਾਲੀਆਂ ਬੱਸਾਂ ਦੇ ਲਗਾਤਾਰ ਪੰਜ-ਪੰਜ ਮਿੰਟ ਤੱਕ ਰੁਕਣ ਕਾਰਨ ਬਾਕੀ ਵਾਹਨਾਂ ਦੀਆਂ ਕਤਾਰਾਂ ਵੀ ਲੰਮੀਆਂ ਹੋ ਜਾਂਦੀਆਂ ਹਨ। ਵਾਹਨ ਚਾਲਕਾਂ ਵੱਲੋਂ ਹਾਰਨਾਂ ’ਤੇ ਲਗਾਤਾਰ ਧਰੇ ਰਹਿੰਦੇ ਹੱਥ ਅਤੇ ਡੀਜ਼ਲ ਪੈਟਰੌਲ ਦੇ ਮਿਸ਼ਰਣ ਵਾਲਾ ਨਿਕਲਦਾ ਧੂੰਆਂ ਅੱਖਾਂ ਤੇ ਕੰਨਾਂ ਦੀ ਤੌਬਾ ਕਰਵਾ ਦਿੰਦਾ ਹੈ। ਇੱਥੋਂ ਦੀ ਮੁੱਦਕੀ-ਨਿਹਾਲ ਸਿੰਘ ਵਾਲਾ ਸੜਕ ਦੇ ਚੌੜਾ ਹੋ ਕੇ ਇੱਕਪਾਸੜ ਵਾਲੇ ਰਸਤੇ ਦੇ ਨਿਰਮਾਣ ਤੋਂ ਭਾਵੇਂ ਲੋਕਾਂ ਨੂੰ ਸੁਖ ਦਾ ਸਾਹ ਆਉਣ ਦੀ ਆਸ ਬੱਝੀ ਸੀ, ਪਰ ਲੋਕਾਂ ਦੀ ਉਸ ਉਮੀਦ ਉੱਪਰ ਵੀ ਪਾਣੀ ਫਿਰ ਗਿਆ ਹੈ। ਅਜਿਹੀ ਉਮੀਦ ਦਾ ਪੂਰੀ ਨਾ ਹੋਣਾ ਸ਼ਹਿਰ ਅੰਦਰ ਵਾਹਨ ਖੜ੍ਹਾਉਣ ਵਾਲੀ ਵਾਲੀ ਕਿਸੇ ਸੁਰੱਖਿਅਤ ਅਤੇ ਨਿਯਮਤ ਪਾਰਕਿੰਗ ਦਾ ਨਾ ਹੋਣਾ ਵੀ ਹੈ। ਆਵਾਜਾਈ ਨੂੰ ਨਿਯਮਤ ਕਰਨ ਲਈ ਲਗਾਈਆਂ ਗਈਆਂ ਬੱਤੀਆਂ ਵੀ ਹਮੇਸ਼ਾ ਗੁੱਲ ਹੀ ਰਹਿੰਦੀਆਂ ਹਨ। ਟਰੈਫਿਕ ਪੁਲੀਸ ਦੀ ਟੀਮ ਵੀ ਸੜਕਾਂ ਉੱਪਰ ਕਦੇ ਕਦਾਈਂ ਹੀ ਦਿਖਾਈ ਦਿੰਦੀ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਸ ਪੇਚੀਦਾ ਸਮੱਸਿਆ ਤੋਂ ਹੁਣ ਤੱਕ ਨਿਜ਼ਾਤ ਨਹੀਂ ਮਿਲੀ।
ਸ਼ਹਿਰ ਅੰਦਰ ਨਹੀਂ ਹੈ ਪਾਰਕਿੰਗ ਲਈ ਕੋਈ ਢੁੱਕਵੀਂ ਜਗ੍ਹਾ
ਸ਼ਹਿਰ ਦੇ ਐਨ ਵਿਚਕਾਰ ਪਈ ਪੰਜ ਏਕੜ ਦੇ ਕਰੀਬ ਜਗ੍ਹਾ ਦੀ ਵਰਤੋਂ ਪਾਰਕਿੰਗ ਲਈ ਕੀਤੇ ਜਾਣ ਦੀ ਮੰਗ ਲੋਕਾਂ ਵੱਲੋਂ ਵਾਰ ਵਾਰ ਉਠਾਈ ਜਾ ਰਹੀ ਹੈ, ਪਰ ਇਸ ਥਾਂ ਦੀ ਮਾਲਕੀ ਉਪਰ ਦੋ ਧਿਰਾਂ ਵੱਲੋਂ ਆਪੋ ਆਪਣਾ ਹੱਕ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ਅਦਾਲਤ ਵਿੱਚ ਕੇਸ ਚਲ ਰਿਹਾ ਹੈ। ਪਰ ਊਠ ਦਾ ਬੁੱਲ ਬਣਿਆ ਆ ਰਿਹਾ ਇਹ ਝਗੜਾ ਜਦ ਤੱਕ ਕਿਸੇ ਤਣ-ਪੱਤਣ ਨਹੀਂ ਲੱਗਦਾ ਇਸ ਦੀ ਵਰਤੋਂ ਕੀਤੀ ਜਾਣੀ ਆਸੰਭਵ ਹੈ ਅਤੇ ਇਸ ਜਗ੍ਹਾ ਤੋਂ ਬਿਨਾਂ ਪਾਰਕਿੰਗ ਲਈ ਇਸ ਤੋਂ ਢੁਕਵੀਂ ਅਤੇ ਸੁਰੱਖਿਅਤ ਜਗਾ ਹੋਰ ਕਿਧਰੇ ਵੀ ਨਹੀਂ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ