ਸਰਕਾਰ ਦੀ ਅਣਗਹਿਲੀ ਦਾ ਖਮਿਆਜ਼ਾ ਭੁਗਤ ਰਹੇ ਨੇ ਲੋਕ
ਬਲਾਕ ਮਹਿਲ ਕਲਾਂ ਦੇ ਅੱਠ ਪਿੰਡਾਂ ਨੂੰ 4 ਸਾਲਾਂ ਬਾਅਦ ਵੀ ਸਬ ਡਿਵੀਜ਼ਨ ਨਾਲ ਜੁੜਨ ਦਾ ਇੰਤਜ਼ਾਰ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਸਵੱਲੀ ਨਜ਼ਰ ਤੋਂ ਇਹ ਅਹਿਮ ਮਸਲਾ ਦੂਰ ਹੀ ਹੈ। ਨਵੀਂ ਬਲਾਕਬੰਦੀ ਅਤੇ ਚੋਣਾਂ ਵੀ ਲੰਘ ਗਈਆਂ ਪਰ...
ਬਲਾਕ ਮਹਿਲ ਕਲਾਂ ਦੇ ਅੱਠ ਪਿੰਡਾਂ ਨੂੰ 4 ਸਾਲਾਂ ਬਾਅਦ ਵੀ ਸਬ ਡਿਵੀਜ਼ਨ ਨਾਲ ਜੁੜਨ ਦਾ ਇੰਤਜ਼ਾਰ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਸਵੱਲੀ ਨਜ਼ਰ ਤੋਂ ਇਹ ਅਹਿਮ ਮਸਲਾ ਦੂਰ ਹੀ ਹੈ। ਨਵੀਂ ਬਲਾਕਬੰਦੀ ਅਤੇ ਚੋਣਾਂ ਵੀ ਲੰਘ ਗਈਆਂ ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸੁਣਵਾਈ ਨਾ ਹੋ ਸਕੀ। ਇਨ੍ਹਾਂ ਪਿੰਡ ਦੇ ਲੋਕ ਅੱਜ ਵੀ ਲੰਮਾ ਪੈਂਡਾ ਤੈਅ ਕਰਕੇ ਆਪਣੇ ਰੋਜ਼ਮਰਾ ਦੇ ਕੰਮ ਕਰਵਾਉਣ ਤਪਾ ਮੰਡੀ ਤਹਿਸੀਲ ਜਾਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਕਰੀਬ 4 ਵਰ੍ਹੇ ਪਹਿਲਾਂ 7 ਜਨਵਰੀ 2022 ਨੂੰ ਕਾਂਗਰਸ ਸਰਕਾਰ ਮੌਕੇ ਬਲਾਕ ਮਹਿਲ ਕਲਾਂ ਨੂੰ ਤਹਿਸੀਲ ਦਾ ਰੁਤਬਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬਲਾਕ ਮਹਿਲ ਕਲਾਂ ਦੇ ਪਿੰਡਾਂ ਨੂੰ ਇਸ ਤਹਿਸੀਲ ਨਾਲ ਜੋੜਨ ਦੀ ਕਵਾਇਦ ਆਰੰਭੀ ਗਈ ਪਰ ਬਲਾਕ ਦੇ ਅੱਠ ਪਿੰਡ ਅਜੇ ਵੀ ਮਹਿਲ ਕਲਾਂ ਤਹਿਸੀਲ ਨਾਲ ਨਹੀਂ ਜੋੜੇ ਗਏ ਅਤੇ ਇਹ ਪਿੰਡ ਪਹਿਲਾਂ ਵਾਂਗ ਹੀ ਤਪਾ ਤਹਿਸੀਲ ਦਾ ਹਿੱਸਾ ਬਣੇ ਹੋਏ ਹਨ। ਇਨ੍ਹਾਂ ਪਿੰਡਾਂ ਵਿੱਚ ਦੀਵਾਨਾ, ਛੀਨੀਵਾਲ ਖ਼ੁਰਦ, ਗਹਿਲ, ਬੀਹਲਾ, ਗਾਗੇਵਾਲ, ਸੱਦੋਵਾਲ, ਨਰਾਇਣਗੜ੍ਹ ਸੋਹੀਆਂ ਅਤੇ ਬੀਹਲਾ ਖ਼ੁਰਦ ਪਿੰਡ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਮਾਲ ਵਿਭਾਗ ਨਾਲ ਸਬੰਧਤ ਅਤੇ ਹੋਰ ਕਾਗਜ਼ੀ ਕੰਮ ਤਪਾ ਤਹਿਸੀਲ ਤੋਂ ਹੁੰਦੇ ਹਨ, ਜਦਕਿ ਬਲਾਕ ਮਹਿਲ ਕਲਾਂ ਹੋਣ ਕਰਕੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਲੋਕਾਂ ਤੇ ਪੰਚਾਇਤਾਂ ਨੂੰ ਮਹਿਲ ਕਲਾਂ ਆਉਣਾ ਪੈਂਦਾ ਹੈ। ਪ੍ਰਸ਼ਾਸਨਿਕ ਕੰਮਾਂ ਲਈ ਇਨ੍ਹਾਂ ਪਿੰਡਾਂ ਦੇ ਲੋਕ ਦੋ ਤਹਿਸੀਲਾਂ ਦੇ ਗੇੜ ਵਿੱਚ ਉਲਝੇ ਹੋਏ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਕਈ ਵਾਰ ਮਹਿਲ ਕਲਾਂ ਤਹਿਸੀਲ ਨਾਲ ਪਿੰਡਾਂ ਨੂੰ ਜੋੜੇ ਜਾਣ ਸਬੰਧੀ ਅਧਿਕਾਰੀਆਂ ਅਤੇ ਸੱਤਾਧਾਰੀ ਆਗੂਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋ ਸਕਿਆ।
ਪਿੰਡ ਗਾਗੇਵਾਲ ਦੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਉਨ੍ਹਾਂ ਦੇ ਪਿੰਡਾਂ ਨੂੰ ਮਹਿਲ ਕਲਾਂ ਹਲਕਾ ਅਤੇ ਬਲਾਕ ਲੱਗਦਾ ਹੈ। ਮਹਿਲ ਕਲਾਂ ਤਹਿਸੀਲ ਬਣੇ ਨੂੰ ਵੀ ਚਾਰ ਸਾਲ ਬੀਤ ਗਏ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਮਹਿਲ ਕਲਾਂ ਤਹਿਸੀਲ ਨਾਲ ਜੋੜ ਕੇ ਲੋਕਾਂ ਦਾ ਖੱਜਲ-ਖੁਆਰੀ ਘਟਾਈ ਜਾਵੇ।
ਮਸਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ: ਐੱਸ ਡੀ ਐੱਮ
ਮਹਿਲ ਕਲਾਂ ਦੇ ਐੱਸ ਡੀ ਐੱਮ ਬੇਅੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਮਾਮਲੇ ਸਬੰਧੀ ਵਾਕਫ਼ ਕਰਵਾਇਆ ਹੈ। ਜੇ ਕੋਈ ਉਨ੍ਹਾਂ ਕੋਲ ਆਉਂਦਾ ਹੈ ਤਾਂ ਮਸਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

