ਤਹਿਸੀਲ ’ਚ ਕਾਨੂੰਨਗੋਆਂ ਦੀ ਗ਼ੈਰ-ਹਾਜ਼ਰੀ ਕਾਰਨ ਲੋਕ ਪ੍ਰੇਸ਼ਾਨ
ਇੱਥੇ ਤਹਿਸੀਲ ਵਿੱਚ ਇੱਕ ਹਫ਼ਤੇ ਤੋਂ ਕਾਨੂੰਨਗੋਆ ਦੀ ਕਥਿਤ ਗੈਰ-ਹਾਜ਼ਰੀ ਕਾਰਨ ਲੋਕ ਪ੍ਰੇਸ਼ਾਨ ਹਨ। ਜ਼ਮੀਨਾਂ ਦੇ ਇੰਤਕਾਲ ਅਤੇ ਵਿਰਾਸਤੀ ਇੰਤਕਾਲ ਕੇਸ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ...
ਇੱਥੇ ਤਹਿਸੀਲ ਵਿੱਚ ਇੱਕ ਹਫ਼ਤੇ ਤੋਂ ਕਾਨੂੰਨਗੋਆ ਦੀ ਕਥਿਤ ਗੈਰ-ਹਾਜ਼ਰੀ ਕਾਰਨ ਲੋਕ ਪ੍ਰੇਸ਼ਾਨ ਹਨ। ਜ਼ਮੀਨਾਂ ਦੇ ਇੰਤਕਾਲ ਅਤੇ ਵਿਰਾਸਤੀ ਇੰਤਕਾਲ ਕੇਸ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਧਰਮਕੋਟ ਅੰਦਰ ਕੁੱਲ ਪੰਜ ਕਾਨੂੰਨਗੋ ਜ਼ਮੀਨੀ ਰਿਕਾਰਡ ਦੀ ਦੇਖਰੇਖ ਲਈ ਤਾਇਨਾਤ ਹਨ। ਚਾਰ ਕਾਨੂੰਨਗੋ ਸਰਕਲਾਂ ਫ਼ੀਲਡ ਦਾ ਕੰਮ ਦੇਖਦੇ ਹਨ ਅਤੇ ਇੱਕ ਦੀ ਤਹਿਸੀਲ ਦਫ਼ਤਰ ਵਿੱਚ ਤਾਇਨਾਤੀ ਹੈ। ਪਰ ਉਕਤ ਸਾਰੇ ਕਾਨੂੰਨਗੋ ਹੀ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਹਨ। ਲੰਘੇ ਤਿੰਨ ਮਹੀਨਿਆਂ ਤੋਂ ਵਿਰਾਸਤ ਦਾ ਇੰਤਕਾਲ ਕਰਵਾਉਣ ਲਈ ਪਿੰਡ ਨਸੀਰੇਵਾਲਾ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਤਹਿਸੀਲ ਦੇ ਚੱਕਰ ਕੱਟ ਕੇ ਥੱਕ ਚੁੱਕੇ ਹਨ। ਅਧਿਕਾਰੀ ਇੱਕ ਦੋ ਦਿਨ ਦਾ ਕਹਿਕੇ ਉਨ੍ਹਾਂ ਨੂੰ ਟਾਲਕੇ ਵਾਪਸ ਮੋੜ ਦਿੰਦੇ ਹਨ। ਅਰਜ਼ੀ ਨਵੀਸ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਮ ਵੀ ਕਾਨੂੰਨਗੋਆਂ ਸਦਕਾ ਪ੍ਰਭਾਵਿਤ ਹੋ ਰਹੇ ਹਨ। ਤਹਿਸੀਲ ਵਿੱਚ ਮੌਜੂਦ ਹੋਰ ਕਿਸਾਨਾਂ ਨੇ ਕਾਨੂੰਨਗੋਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਨਾਇਬ ਤਹਿਸੀਲਦਾਰ ਅਜੈ ਕੁਮਾਰ ਮੁਤਾਬਕ ਤਹਿਸੀਲ ਅੰਦਰ ਲੰਬੇ ਸਮੇਂ ਤੋਂ ਦੋ ਕਾਨੂੰਨਗੋ ਹੀ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਤਰੱਕੀ ਹੋ ਗਈ ਹੈ ਅਤੇ ਦੂਜਾ ਆਪਣੇ ਇਮਤਿਹਾਨਾਂ ਵਿੱਚ ਰੁੱਝਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨਗੋਆਂ ਦੇ ਤਿੰਨ ਅਹੁਦੇ ਤਹਿਸੀਲ ਵਿੱਚ ਪਹਿਲਾਂ ਤੋਂ ਹੀ ਖਾਲੀ ਚੱਲ ਰਹੇ ਹਨ। ਇਸ ਸਬੰਧੀ ਐੱਸ ਡੀ ਐੱਮ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਤਾਇਨਾਤੀ ਇੱਥੇ ਦੋ ਦਿਨ ਪਹਿਲਾਂ ਹੀ ਹੋਈ ਹੈ। ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

