ਜੋਗਿੰਦਰ ਸਿੰਘ ਮਾਨ
ਮਾਨਸਾ 25 ਜਨਵਰੀ
ਕਿਸਾਨ ਅੰਦੋਲਨ ਦੌਰਾਨ ਟਿਕਰੀ ਹੱਦ ’ਤੇ ਅੱਜ ਸਵੇਰੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦੇ ਕਿਸਾਨ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ (51) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਉੱਥੇ ਸੰਯੁਕਤ ਮੋਰਚੇ ਦੇ ਧਰਨੇ ’ਤੇ ਪੁੱਜਿਆ ਹੋਇਆ ਸੀ। ਬੀਕੇਯੂ (ਡਕੌਂਦਾ) ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਉਹ ਜਥੇਬੰਦੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। ਉਹ ਅੱਜ ਸਵੇਰੇ ਹੀ ਪਿੰਡ ਵਿੱਚੋਂ ਲੰਗਰ ਦਾ ਰਾਸ਼ਨ ਪਾਣੀ ਲੈ ਕੇ ਹੋਰਨਾਂ ਕਿਸਾਨ ਆਗੂਆਂ ਨਾਲ ਦਿੱਲੀ ਅੰਦੋਲਨ ਵਿੱਚ ਪੁੱਜਿਆ ਸੀ ਤੇ ਤੜਕੇ 4 ਵਜੇ ਉਹ ਸੌ ਗਿਆ। ਸਵੇਰੇ 6 ਵਜੇ ਦੂਸਰੇ ਵਰਕਰਾਂ ਨੇ ਉਸ ਨੂੰ ਚਾਹ ਪੀਣ ਲਈ ਉਠਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਮੁਤਾਬਕ ਗੁਰਮੀਤ ਸਿੰਘ ਦੀ ਦੇਹ ਦਾ ਪੋਸਟਮਾਰਟਮ ਹੋ ਚੁੱਕਾ ਹੈ ਤੇ 26 ਜਨਵਰੀ ਨੂੰ ਪਿੰਡ ਧਿੰਗੜ ’ਚ ਉਸ ਦਾ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਦੋ ਮਹੀਨੇ ਪਹਿਲਾਂ ਹੀ ਉਸ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਹੈ। ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਪੰਜ ਲੱਖ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਪੰਜਾਬ ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਗੁਰਮੀਤ ਸਿੰਘ ਦੀ ਦੇਹ ਪਿੰਡ ਧਿੰਗੜ ਲਿਆਂਦੀ ਜਾ ਰਹੀ ਹੈ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਫਿਰੋਜ਼ਪੁਰ ਰੋਡ ’ਤੇ ਮਾਹਮੂਜੋਈਆ ਟੌਲ ਪਲਾਜ਼ੇ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 75 ਸਾਲਾ ਕਿਸਾਨ ਸਰੈਣ ਚੰਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਸਾਨ ਇੱਥੇ ਸੇਵਾ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਦਾ ਸੀ। ਬੀਤੀ ਸ਼ਾਮ ਅਚਾਨਕ ਸਰੈਣ ਚੰਦ ਵਾਸੀ ਮਾਹਮੂਜੋਈਆ ਦੀ ਤਬੀਅਤ ਵਿਗੜਨ ਮਗਰੋਂ ਉਸ ਨੂੰ ਡਾਕਟਰੀ ਸਹਾਇਤਾ ਲਈ ਜਲਾਲਾਬਾਦ ਲਿਜਾਇਆ ਗਿਆ ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਬੀਕੇਯੂ ਉਗਰਾਹਾਂ ਦੇ ਕਿਸਾਨ ਆਗੂ ਜੋਗਾ ਸਿੰਘ ਨੇ ਦੱਸਿਆ ਕਿ ਮਾਹਮੂਜੋਈਆ ਟੌਲ ਪਲਾਜ਼ਾ ’ਤੇ ਹੁਣ ਤਕ ਤਿੰਨ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਨੇ ਕਿਸੇ ਵੀ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਰੈਣ ਚੰਦ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਫਿਲਹਾਲ ਪੁਲੀਸ ਨੇ ਕਾਰਵਾਈ ਕਰਦਿਆਂ ਕਿਸਾਨ ਸਰੈਣ ਚੰਦ ਦੀ ਦੇਹ ਪੋਸਟਮਾਰਟਮ ਲਈ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ ਹੈ।
ਕਿਸਾਨ ਤੀਰਥ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ
ਭਿੱਖੀਵਿੰਡ (ਪੱਤਰ ਪ੍ਰੇਰਕ): ਕਿਸਾਨੀ ਸੰਘਰਸ਼ ਵਿਚ ਲੰਗਰ ਦੀ ਸੇਵਾ ਕਰਕੇ ਪਰਤੇ ਨੌਸ਼ਹਿਰਾ ਪੰਨੂੰਆਂ ਦੇ ਕਿਸਾਨ ਤੀਰਥ ਸਿੰਘ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ ਅੱਜ ਸ਼ਰਧਾਂਜਲੀ ਸਮਾਗਮ ਨੌਸ਼ਹਿਰਾ ਪੰਨੂਆਂ ਦੇ ਗੁਰਦੁਆਰੇ ਵਿਚ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੀ 1 ਜਨਵਰੀ ਨੂੰ ਗਾਜੀਪੁਰ ਲੰਗਰ ਦੀ ਸੇਵਾ ਲਈ ਗਏ ਸਨ ਜਿਥੋਂ ਉਹ 13 ਜਨਵਰੀ ਨੂੰ ਵਾਪਸ ਆਏ ਤਾਂ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅੱਜ ਹਲਕਾ ਵਿਧਾਇਕ ਹਰਮਿੰਦਰ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਵੱਲੋ ਉਨ੍ਹਾਂ ਨੂੰ 5 ਲੱਖ ਦੀ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਲਈ ਕਹਿਣਗੇ।