Parminder Singh Jhotta: ਨਿਹੰਗਾਂ ਵੱਲੋਂ ਮੁਰਦਾਘਰ ਅੱਗੇ ਪਹਿਰੇਦਾਰੀ
ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਲੋਕਾਂ ਨੇ ਅੱਜ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਹੈ। ਇਸ ਹਸਪਤਾਲ ਦੇ ਮੁਰਦਾਘਰ ਵਿੱਚ ਪਰਵਿੰਦਰ ਸਿੰਘ ਝੋਟੇ ਦੀ ਲਾਸ਼ ਰੱਖੀ ਹੋਈ ਹੈ। ਪਹਿਰੇਦਾਰੀ ਦਾ ਇਹ ਕਾਰਜ ਨਿਹੰਗ ਸਿੰਘਾਂ...
ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਲੋਕਾਂ ਨੇ ਅੱਜ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਹੈ। ਇਸ ਹਸਪਤਾਲ ਦੇ ਮੁਰਦਾਘਰ ਵਿੱਚ ਪਰਵਿੰਦਰ ਸਿੰਘ ਝੋਟੇ ਦੀ ਲਾਸ਼ ਰੱਖੀ ਹੋਈ ਹੈ। ਪਹਿਰੇਦਾਰੀ ਦਾ ਇਹ ਕਾਰਜ ਨਿਹੰਗ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਲਿਆ ਹੋਇਆ ਅਤੇ ਉਨ੍ਹਾਂ ਵੱਲੋਂ ਮੁਰਦਾਘਰ ਦੇ ਸਾਹਮਣੇ ਸੱਥਰ ਵਿਛਾ ਕੇ ਤਿੱਖੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਗਰੂਰ ਵਿੱਚ ਪੁਲੀਸ ਵੱਲੋਂ ਗੁਲਜਾਰ ਸਿੰਘ ਅਤੇ ਸਨਮਦੀਪ ਸਿੰਘ ਦੀ ਲਾਸ਼ ਦਾ ਜਬਰੀ ਸਸਕਾਰ ਕਰ ਦਿੱਤਾ ਗਿਆ ਸੀ।
ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਨੂੰ ਲੱਖਾ ਸਿਧਾਣਾ ਸਣੇ ਹੋਰ ਆਗੂਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੁਲੀਸ ਉੱਤੇ ਸ਼ੱਕ ਹੈ ਕਿ ਉਹ ਗੁਲਜ਼ਾਰ ਸਿੰਘ ਅਤੇ ਸਨਮਦੀਪ ਸਿੰਘ ਦੀ ਮ੍ਰਿਤਕ ਦੇਹ ਵਾਂਗ ਪਰਵਿੰਦਰ ਸਿੰਘ ਝੋਟਾ ਦਾ ਵੀ ਜਬਰੀ ਸਸਕਾਰ ਕਰ ਸਕਦੇ ਹਨ। ਭਾਵੇਂ ਮਾਨਸਾ ਦੇ ਐੱਸ ਐੱਸ ਪੀ ਨੇ ਉਨ੍ਹਾਂ ਨੂੰ ਅਜਿਹਾ ਬਿਲਕੁਲ ਵੀ ਨਾ ਹੋਣ ਦਾ ਭਰੋਸਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਨਿਹੰਗਾਂ ਅਤੇ ਨੌਜਵਾਨਾਂ ਦੀ ਪਹਿਰੇਦਾਰੀ ਲਗਾਤਾਰ ਜਾਰੀ ਹੈ।
ਉਧਰ, ਪਰਵਿੰਦਰ ਸਿੰਘ ਝੋਟਾ ਦੇ ਕਤਲ ਸਬੰਧੀ ਬਣੀ ਐਕਸ਼ਨ ਕਮੇਟੀ ਵੱਲੋਂ ਦੇਰ ਸ਼ਾਮ ਲਏ ਫ਼ੈਸਲੇ ਸਬੰਧੀ ਮੰਚ ਤੋਂ ਸੰਬੋਧਨ ਕਰਦਿਆਂ ਐਲਾਨ ਕੀਤਾ ਗਿਆ ਕਿ ਜਿੰਨਾ ਚਿਰ ਤੱਕ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਸਾਹਮਣੇ ਰੱਖੀਆਂ ਮੰਗਾਂ ਨੂੰ ਸਵੀਕਾਰ ਕਰਦਾ, ਓਨਾ ਚਿਰ ਤੱਕ ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਸੂਬਾ ਕਮੇਟੀ ਵੱਲੋਂ ਕਾਮਰੇਡ ਜਸਬੀਰ ਕੌਰ ਨੱਤ, ਜ਼ਿਲ੍ਹਾ ਸਕੱਤਰ ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਮਾਨ, ਸੁਖਜੀਤ ਸਿੰਘ ਰਾਮਾਂਨੰਦੀ ਨੇ ਕਿਹਾ ਕਿ ਇਸ ਕਤਲ ਦੀ ਪਿਛਲੀ ਸਾਜਿਸ਼ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪਰਿਵੰਦਰ ਝੋਟਾ ਦੇ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੂੰ ਅਧਿਆਪਕ ਦੀ ਨੌਕਰੀ, ਘੱਟੋ-ਘੱਟ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਨਸ਼ਿਆਂ ਖਿਲਾਫ਼ ਜੰਗ ਵਿੱਚ ਸ਼ਹੀਦ ਹੋਇਆ ਹੈ, ਜਿਸ ਲਈ ਪੰਜਾਬ ਸਰਕਾਰ ਉਸ ਨੂੰ ਸ਼ਹੀਦ ਵਾਲਾ ਦਰਜਾ ਦੇਵੇ। ਉਨ੍ਹਾਂ ਕਿਹਾ ਕਿ ਤੂਰ ਬਣਜ਼ਾਰੇ ਜਾਂ ਕਨੋਈ ਵਾਂਗ ਇੱਥੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਲਤ ਨੂੰ ਵਿਗਾੜਨ ਦੀ ਜ਼ਿੰਮੇਵਾਰੀ ਮਾਨਸਾ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ।
ਕੌਮੀ ਪੱਧਰ ਦਾ ਖਿਡਾਰੀ ਸੀ ਪਰਵਿੰਦਰ ਝੋਟਾ
ਮੁੱਕੇਬਾਜ਼ੀ ਦੇ ਰਿੰਗ ਵਿੱਚ ਵਿਰੋਧੀਆਂ ਦੇ ਮੁੱਕਿਆਂ ਦਾ ਡਟ ਕੇ ਸਾਹਮਣਾ ਕਰਨ ਵਾਲਾ ਅਤੇ ਨਸ਼ਾ ਤਸਕਰਾਂ ਵਿਰੁੱਧ ਲੰਮੀ ਲੜਾਈ ਲੜਨ ਵਾਲਾ ਪਰਵਿੰਦਰ ਸਿੰਘ ਝੋਟਾ ਆਖ਼ਰ ਗੋਲੀਆਂ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ। ਨਸ਼ਿਆਂ ਵਿਰੁੱਧ ਸੰਘਰਸ਼ ਕਾਰਨ ਪੰਜਾਬ ਭਰ ਵਿੱਚ ਚਰਚਿਤ ਹੋਏ ਸ੍ਰੀ ਝੋਟਾ ਦੀ ਜ਼ਿੰਦਗੀ ਦਾ ਇੱਕ ਅਣਗੌਲਿਆ ਪਹਿਲੂ ਉਸ ਦਾ ਸ਼ਾਨਦਾਰ ਖੇਡ ਸਫ਼ਰ ਵੀ ਸੀ। ਉਹ ਸਿਰਫ਼ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਨੌਜਵਾਨ ਹੀ ਨਹੀਂ, ਸਗੋਂ ਕੌਮੀ ਪੱਧਰ ਦਾ ਤਗ਼ਮਾ ਜੇਤੂ ਮੁੱਕੇਬਾਜ਼ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀ ਵੀ ਸੀ। ਉਸ ਦੇ ਮੁੱਕੇਬਾਜ਼ੀ ਕੋਚ ਰਾਮਨਾਥ ਧੀਰਾ ਅਨੁਸਾਰ ਪਰਵਿੰਦਰ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਹੁਸ਼ਿਆਰ ਤੇ ਮਿਹਨਤੀ ਸੀ। ਉਹ ਖ਼ਾਲਸਾ ਹਾਈ ਸਕੂਲ ਮਾਨਸਾ ਵਿੱਚ ਮੁਕੇਬਾਜ਼ੀ ਦੀ ਸਿਖਲਾਈ ਲੈਂਦਾ ਰਿਹਾ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮੁਕਾਬਲਿਆਂ ਵਿੱਚ ਸੋਨ ਅਤੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਬਾਕਸਿੰਗ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮਾਨਸਾ ਦੇ ਖੇਡ ਮੈਦਾਨ ਤੋਂ ਕੌਮੀ ਪੱਧਰ ਤੱਕ ਪਹੁੰਚਣਾ ਉਸ ਦੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਸੀ।
ਬਾਰ੍ਹਵੀਂ ਮੈਡੀਕਲ ਵਿਸ਼ਿਆਂ ਨਾਲ ਕਰਨ ਪਿੱਛੋਂ ਉਸ ਨੇ ਬੀ ਐੱਸ ਸੀ ਵਿੱਚ ਦਾਖ਼ਲਾ ਲਿਆ, ਪਰ ਮੁੱਕੇਬਾਜ਼ੀ ਦਾ ਜਨੂੰਨ ਉਸ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲੈ ਗਿਆ, ਜਿੱਥੇ ਉਸ ਨੇ ਬੀ ਏ ਦੀ ਪੜ੍ਹਾਈ ਨਾਲ ਖੇਡ ਜਾਰੀ ਰੱਖੀ। ਪਰਵਿੰਦਰ ਕ੍ਰਿਕਟ ਦਾ ਵੀ ਸ਼ੌਕੀਨ ਸੀ ਅਤੇ ਇਸ ਖੇਡ ਵਿੱਚ ਚੰਗੀਆਂ ਪ੍ਰਾਪਤੀਆਂ ਕੀਤੀਆਂ। ਪਰਵਿੰਦਰ ਦੀ ਜ਼ਿੰਦਗੀ ਸਿਰਫ਼ ਜਿੱਤਾਂ ਦੀ ਕਹਾਣੀ ਨਹੀਂ ਸੀ। ਉਸ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਖ਼ੁਦ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ। ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਲੰਘਦਿਆਂ ਉਸ ਨੇ ਗੁਰਬਾਣੀ ਦਾ ਆਸਰਾ ਲਿਆ, ਗੁਰੂ ਦੇ ਲੜ ਲੱਗਿਆ ਅਤੇ ਨਸ਼ਿਆਂ ਤੋਂ ਕਿਨਾਰਾ ਕਰ ਲਿਆ। ਫਿਰ ਉਸ ਨੇ ਹੋਰਨਾਂ ਨੌਜਵਾਨਾਂ ਨੂੰ ਬਚਾਉਣ ਲਈ ਮੁਹਿੰਮ ਛੇੜ ਦਿੱਤੀ। ਉਹ ਨਸ਼ਾ ਤਸਕਰੀ ਦੇ ਮਾਮਲੇ ਚੁੱਕਣ ਲੱਗਿਆ ਅਤੇ ਚਰਚਾ ਵਿੱਚ ਆਇਆ। ਉਸ ਦੀ ਕਾਰਜਸ਼ੈਲੀ ਵਿਵਾਦਾਂ ਵਿੱਚ ਵੀ ਰਹੀ, ਪਰ ਨਸ਼ਿਆਂ ਵਿਰੁੱਧ ਉਸ ਦੀਆਂ ਸਰਗਰਮੀਆਂ ਜਾਰੀ ਰਹੀਆਂ। ਹੁਣ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਕਥਿਤ ਤੌਰ ’ਤੇ ਚਲਾਈਆਂ ਗੋਲੀਆਂ ਨੇ ਉਸ ਦੀ ਜ਼ਿੰਦਗੀ ਖੋਹ ਲਈ। ਮੁਲਜ਼ਮ ਵਿਰੁੱਧ ਪਹਿਲਾਂ ਵੀ ਕੇਸ ਦਰਜ ਹੋਣ ਦੀਆਂ ਰਿਪੋਰਟਾਂ ਹਨ। ਪਰਵਿੰਦਰ ਦੀ ਮੌਤ ਨੇ ਉਸ ਦੇ ਖੇਡ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਵੀ ਮੁੜ ਤਾਜ਼ਾ ਕਰ ਦਿੱਤਾ ਹੈ। ਖ਼ਾਲਸਾ ਸਕੂਲ ਦਾ ਉਹ ਮੈਦਾਨ, ਜਿਥੇ ਕਦੇ ਉਹ ਮੁੱਕੇਬਾਜ਼ੀ ਦਾ ਅਭਿਆਸ ਕਰਦਾ ਸੀ ਅਤੇ ਬਾਅਦ ਵਿੱਚ ਨੌਜਵਾਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਦਾ ਰਿਹਾ, ਹੁਣ ਉਸ ਦੀਆਂ ਯਾਦਾਂ ਨਾਲ ਜੁੜ ਗਿਆ ਹੈ। ਕੋਚ ਰਾਮਨਾਥ ਧੀਰਾ ਦੀਆਂ ਯਾਦਾਂ ਵਿੱਚ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਮਿਹਨਤ ਕਰਨ ਵਾਲੇ ਵਿਦਿਆਰਥੀ ਵਜੋਂ ਜਿਊਂਦਾ ਰਹੇਗਾ।

