ਪਵਨ ਗੋਇਲ
ਭੁੱਚੋ ਮੰਡੀ, 19 ਸਤੰਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਚੱਲ ਰਹੇ ਪ੍ਰੀਖਿਆ ਕੇਂਦਰ ਆਈਓਐੱਨ ਡਿਜੀਟਲ ਜ਼ੋਨ ਭੁੱਚੋ ਕਲਾਂ ਦੇ ਪ੍ਰਬੰਧਕਾਂ ਵੱਲੋਂ ਮਾਪਿਆਂ ਲਈ ਪੀਣ ਦੇ ਪਾਣੀ ਅਤੇ ਛਾਂ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਅਤੇ ਸਕਿਊਰਿਟੀ ਗਾਰਡਾਂ ਵੱਲੋਂ ਕਥਿਤ ਤੌਰ ’ਤੇ ਦੁਰਵਿਹਾਰ ਕੀਤੇ ਜਾਣ ਤੋਂ ਭੜਕੇ ਮਾਪਿਆਂ ਨੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ ਵੱਖ ਸ਼ਹਿਰਾਂ ਤੋਂ ਆਏ ਰਾਜ ਕੁਮਾਰ ਅਬੋਹਰ, ਜਸਵੰਤ ਸਿੰਘ ਮਾਨਸਾ, ਪ੍ਰਦੀਪ ਬਾਂਸਲ ਭੁੱਚੋ ਮੰਡੀ, ਸਤਪਾਲ ਸਿੰਘ ਖਿਆਲੀਵਾਲਾ, ਜਗਰੂਪ ਸਿੰਘ ਫਰੀਦਕੋਟ, ਕ੍ਰਿਸ਼ਨ ਲਾਲ ਡੱਬਵਾਲੀ ਅਤੇ ਅਸ਼ੋਕ ਕੁਮਾਰ ਗੰਗਾਨਗਰ ਨੇ ਦੱਸਿਆ ਕਿ ਉਹ ਇੱਥੇ ਆਪਣੇ ਬੱਚਿਆਂ ਦਾ ਬੈਂਕ ਦਾ ਪੇਪਰ ਦਿਵਾਉਣ ਲਈ ਆਏ ਹਨ। ਪ੍ਰਬੰਧਕਾਂ ਵੱਲੋਂ ਮਾਪਿਆਂ ਦੇ ਬੈਠਣ ਲਈ ਕੋਈ ਛਾਂ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਬੰਧੀ ਜਦੋਂ ਕੁੱਝ ਮਾਪਿਆਂ ਨੇ ਸੁਰੱਖਿਆ ਗਾਰਡਾਂ ਨਾ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਦੁਰਵਿਹਾਰ ਕੀਤਾ।
ਗਾਰਡ ਪੱਤਰਕਾਰਾਂ ਨਾਲ ਵੀ ਬਦਸਲੂਕੀ ਨਾਲ ਪੇਸ਼ ਆਏ। ਮਾਪਿਆਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨ ਤੋਂ ਮੰਗ ਕੀਤੀ ਕਿ ਪ੍ਰੀਖਿਆ ਕੇਂਦਰ ’ਤੇ ਛਾਂ ਤੇ ਪਾਣੀ ਦਾ ਪ੍ਰਬੰਧ ਕਰਵਾਇਆ ਜਾਵੇ ਅਤੇ ਸੁਰੱਖਿਆ ਗਾਰਡਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਦੋਂ ਆਈਓਐੱਨ ਦੇ ਸੁਰੱਖਿਆ ਸੁਪਰਵਾਈਜ਼ਰ ਕੁਲਦੀਪ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡਾਂ ਨੇ ਕੋਈ ਦੁਰਵਿਹਾਰ ਨਹੀਂ ਕੀਤਾ ਅਤੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੇ ਜਾਣ ਤੋਂ ਵੀ ਸਾਫ ਮੁੱਕਰ ਗਏ।