ਪੰਨੀਵਾਲਾ ਮੋਰੀਕਾ: ਪੱਕਾ ਰਜਵਾਹੇ ਦਾ ਮੋਘਾ ਤੋੜਿਆ
ਪਿੰਡ ਪੰਨੀਵਾਲਾ ਮੋਰੀਕਾ ਰਕਬੇ ਵਿੱਚ ਰਜਵਾਹਾ ਪੱਕਾ ਦੇ ਮੋਘਾ ਨੰਬਰ-29665 (ਸੱਜਾ) ਨੂੰ ਤੋੜਨ ਦਾ ਮਾਮਲਾ ਸਿੰਜਾਈ ਵਿਭਾਗ ਕੋਲ ਪੁੱਜਿਆ ਹੈ। ਇਸ ਵਿੱਚ ਛੇ ਵਿਅਕਤੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਮੰਗੀ ਗਈ ਹੈ। ਸ਼ਿਕਾਇਤ ਤੋਂ ਬਾਅਦ ਸਿੰਜਾਈ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਜ਼ਿਲੇਦਾਰ ਨੂੰ ਪੜਤਾਲ ਸੌਂਪੀ ਗਈ ਹੈ। ਘਟਨਾ ਦੀ ਮੁੱਢਲੀ ਵਿਭਾਗੀ ਜਾਂਚ ਵਿੱਚ ਮੋਘਾ ਮਸ਼ੀਨ ਵੀ ਗਾਇਬ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਸਿੰਜਾਈ ਵਿਭਾਗ ਦੇ ਕਾਨੂੰਨ ਵਿੱਚ ਮੋਘਾ ਮਸ਼ੀਨ ਨੂੰ ਨਹਿਰੀ ਪਾਣੀ ਵੰਡ ਦਾ ਮੁੱਖ ਸਰੋਤ ਹੁੰਦਾ ਹੈ।
ਸ਼ਿਕਾਇਤਕਰਤਾ ਕਿਸਾਨ ਅਮਰਜੀਤ ਸਿੰਘ ਹੌਲਦਾਰ, ਸਾਬਕਾ ਪੰਚ ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਸੁਖਰਾਜ ਸਿੰਘ, ਅੰਗਰੇਜ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਸਿੰਜਾਈ ਤੋਂ ਵਾਂਝਾ ਕਰਨ ਲਈ ਮੋਘਾ ਨੰਬਰ-29665 (ਸੱਜਾ) ਤੋੜ ਦਿੱਤਾ ਗਿਆ ਅਤੇ ਮੋਘਾ ਮਸ਼ੀਨ ਵੀ ਗਾਇਬ ਕਰ ਦਿੱਤੀ ਗਈ। ਕਿਸਾਨਾਂ ਮੁਤਾਬਕ ਮੋਘੇ ਦਾ ਡੱਬਵਾਲੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।
ਸਿੰਜਾਈ ਵਿਭਾਗ ਡੱਬਵਾਲੀ ਦੇ ਐੱਸਡੀਓ ਚੰਦਰਮੋਹਣ ਨੇ ਕਿਹਾ ਕਿ ਮੋਘਾ ਤੋੜਨ ਦੀ ਸ਼ਿਕਾਇਤ ਮਿਲੀ ਹੈ। ਫੀਲਡ ਜੇਈ ਦੀ ਰਿਪੋਰਟ ’ਤੇ ਜ਼ਿਲੇਦਾਰ ਨੂੰ ਮੌਕੇ ਦੀ ਪੜਤਾਲ ਲਈ ਆਖਿਆ ਗਿਆ ਹੈ। ਇਸ ਦੇ ਆਧਾਰ ’ਤੇ ਆਗਾਮੀ ਕਾਰਵਾਈ ਕੀਤੀ ਜਾਵੇਗੀ। ਜੂਨੀਅਰ ਇੰਜਨੀਅਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਦੂਜੀ ਧਿਰ ਨੇ ਵੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਟੇਲ ’ਤੇ ਸਥਿਤ ਕਿਸਾਨਾਂ ਨੇ ਜ਼ਿਆਦਾ ਪਾਣੀ ਕਾਰਨ ਆਪਣੇ ਘਰਾਂ ਨੂੰ ਬਚਾਉਣ ਲਈ ਮੋਘਾ ਤੋੜਿਆ ਹੈ। ਜੇਈ ਨੇ ਕਿਹਾ ਕਿ ਸੋਮਵਾਰ ਨੂੰ ਪਹਿਲਾਂ ਵਾਂਗ ਨਵੀਂ ਮੋਘਾ ਮਸ਼ੀਨ ਲਗਾਈ ਜਾਵੇਗੀ।