ਸਰਕਾਰੀ ਝਾਕ ਛੱਡ ਖੁਦ ਮੁਰਦਾ ਪਸ਼ੂ ਦਫ਼ਨਾਉਣ ਲੱਗੀਆਂ ਪੰਚਾਇਤਾਂ : The Tribune India

ਸਰਕਾਰੀ ਝਾਕ ਛੱਡ ਖੁਦ ਮੁਰਦਾ ਪਸ਼ੂ ਦਫ਼ਨਾਉਣ ਲੱਗੀਆਂ ਪੰਚਾਇਤਾਂ

ਲੰਪੀ ਬਿਮਾਰੀ ਨਾਲ ਪਸ਼ੂਆਂ ਦੀਆਂ ਮੌਤਾਂ ਵਧੀਆਂ; ਸੜਕਾਂ ’ਤੇ ਮੁਰਦਾ ਪਸ਼ੂਆਂ ਦੀ ਭਰਮਾਰ

ਸਰਕਾਰੀ ਝਾਕ ਛੱਡ ਖੁਦ ਮੁਰਦਾ ਪਸ਼ੂ ਦਫ਼ਨਾਉਣ ਲੱਗੀਆਂ ਪੰਚਾਇਤਾਂ

ਪਿੰਡ ਰਾਮਗੜ੍ਹ ਭੂੰਦੜ ਵਿੱਚ ਜੇਸੀਬੀ ਨਾਲ ਮੁਰਦਾ ਪਸ਼ੂਆਂ ਨੂੰ ਦਫਨਾਉਂਦੇ ਹੋਏ ਪਿੰਡਾਂ ਦੇ ਸਰਪੰਚ।

ਜਗਤਾਰ ਅਨਜਾਣ

ਮੌੜ ਮੰਡੀ,14 ਅਗਸਤ

ਲੰਪੀ ਸਕਿਨ ਬਿਮਾਰੀ ਨਾਲ  ਪਸ਼ੂਆਂ ਦੀ ਵਧ ਰਹੀ ਮੌਤ ਦਰ ਤੇ  ਸੜਕਾਂ ਦੇ ਆਲੇ ਦੁਆਲੇ ਮਰੀਆਂ ਹੋਈਆਂ ਗਊਆਂ ਤੋਂ ਫੈਲੀ ਬਦਬੂ ਕਾਰਨ ਬਿਮਾਰੀ ਫੈਲਣ ਦੇ ਡਰੋਂ ਤੇ ਸੜਕਾਂ ਉੱਪਰ ਮੁਰਦਾ ਪਸ਼ੂਆਂ ਦੀ ਭਰਮਾਰ ਨੂੰ ਦੇਖਦੇ ਹੋਏ ਸਰਕਾਰੀ ਝਾਕ ਛੱਡ ਕੇ ਪਿੰਡ ਰਾਮਗੜ੍ਹ ਭੂੰਦੜ, ਰਾਏ ਖ਼ਾਨਾ, ਮਾਣਕ ਖ਼ਾਨਾ ਤੇ ਭਾਈ ਬਖਤੌਰ ਦੇ ਸਰਪੰਚ ਅਵਾਰਾ ਪਸ਼ੂਆਂ ਨੂੰ ਦਫ਼ਨਾਉਣ ਲਈ ਅੱਗੇ ਆਏ ਹਨ।

 ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਭੂੰਦੜ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਮੁੁਰਦਾ ਪਸੂਆਂ ਨੂੰ ਦਫ਼ਨਾਉਣ ਲਈ ਸਰਕਾਰੀ ਪੱਧਰ ’ਤੇ ਕੋਈ ਉਪਰਾਲੇ ਨਾ ਹੋਣ ’ਤੇ ਆਪਣੇ ਗੁਆਂਢੀ ਪਿੰਡਾਂ ਦੇ ਸਰਪੰਚਾਂ ਨਾਲ ਸਲਾਹ ਕੀਤੀ ਤਾਂ ਪਿੰਡ ਰਾਏ ਖਾਨਾ ਦੇ  ਸਰਪੰਚ ਮਲਕੀਤ ਖਾਂ ਤੇ ਭਾਈ ਬਖਤੌਰ ਦੇ ਸਰਪੰਚ ਨਾਲ ਮੁਰਦਾ ਪਸ਼ੂਆਂ ਨੂੰ ਦਫ਼ਨਾਇਆ ਗਿਆ। ਇਨ੍ਹਾਂ ਸਰਪੰਚਾਂ ਦੇ ਸਾਂਝੇ ਯਤਨਾਂ ਨਾਲ ਬੀਤੇ ਕੱਲ੍ਹ ਤੋਂ ਹੁਣ ਤੱਕ 50 ਦੇ ਕਰੀਬ ਗਊਆਂ ਨੂੰ ਦਫ਼ਨਾਇਆ ਜਾ ਚੁੱਕਾ ਹੈ। ਸਰਪੰਚ ਮਲਕੀਤ ਖਾਂਨ ਨੇ ਦੱਸਿਆ ਕਿ ਸੜਕਾਂ ਤੇ ਪਾਈਆਂ ਮੁਰਦਾ ਗਊਆਂ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਕੋਤਫਤਾ ਤੋਂ ਲੈ ਕੇ ਮੌੜ ਮੰਡੀ ਤੱਕ ਲੰਪੀ ਸਕਿਨ ਦੀ ਬਿਮਾਰੀ ਨਾਲ ਮਰੀਆਂ ਹੋਈਆਂ ਗਾਵਾਂ ਦੇ ਮ੍ਰਿਤਕ ਸਰੀਰ ਖੁੱਲ੍ਹੀ ਹਵਾ  ਨੂੰ ਪ੍ਰਦੂਸ਼ਿਤ ਕਰ ਰਹੇ ਸਨ ਤਾਂ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਹਵਾ ’ਚ ਫੈਲੀ ਬਦਬੂ ਤੋਂ ਪੈਦਾ ਹੋਈ ਪ੍ਰੇਸ਼ਾਨੀ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਸਰਕਾਰੀ ਝਾਕ ਛੱਡ ਕੇ ਰਾਮਗੜ ਭੂੰਦੜ, ਰਾਏ ਖ਼ਾਨਾ, ਮਾਣਕ ਖ਼ਾਨਾ ਤੇ ਭਾਈ ਬਖਤੌਰ ਦੀਆਂ ਪੰਚਾਇਤਾਂ ਵੱਲੋਂ ਸਾਂਝੇ ਯਤਨਾਂ ਨਾਲ ਦੂਜੇ ਪਿੰਡਾਂ ’ਚ ਜਾ ਕੇ ਵੀ ਪਸ਼ੂਆਂ ਨੂੰ ਦਫ਼ਨਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਫੈਲੀ ਲੰਪੀ ਸਕਿਨ ਡਿਜੀਜ਼ ਦੀ ਬਿਮਾਰੀ ਨੇ ਨਵੇਂ ਵਾਇਰਸ ਨਾਲ ਵੱਡੀ ਪੱਧਰ ’ਤੇ ਪਸ਼ੂ ਧਨ ਦਾ ਜਾਨੀ ਨੁਕਸਾਨ ਹੋ ਰਿਹਾ ਹੈ ਤੇ ਇਹ ਬਿਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਪਰ ਸਰਕਾਰ ਵੱਲੋਂ ਪਸੂਆਂ ਨੂੰ ਦਫ਼ਨਾਉਣ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਦੋਂਕਿ ਪਸ਼ੂ ਪਾਲਣ ਵਿਭਾਗ ਇਸ ਬਿਮਾਰੀ ਨਾਲ ਮੌਤ ਦਰ ਸਿਰਫ ਦੋ ਤੋਂ ਚਾਰ ਫ਼ੀਸਦੀ ਦੱਸ ਕੇ ਪੱਲਾ ਝਾੜ ਰਿਹਾ ਹੈ।

 ਪਿੰਡ ਭਾਈ ਬਖਤੌਰ ਦੇ ਸਮਾਜ ਸੇਵੀ ਨੌਜਵਾਨ ਗੁਰਚਰਨ ਸਿੰਘ ਜੱਸੀ ਨੇ ਕਿਹਾ ਕਿ  ਰੋਜ਼ਾਨਾ ਹੀ ਪਿੰਡਾਂ ’ਚ ਕਈ ਕਈ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਕਿਸਾਨਾਂ ਨੂੰ ਪੈਸੇ ਦੇ ਕੇ ਮੁਰਦਾ ਪਸ਼ੂ ਚੁਕਾਉਣ ਲਈ ਵੀ ਦੋ-ਦੋ, ਤਿੰਨ-ਤਿੰਨ ਦਿਨ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਜਿਸ ਕਰ ਕੇ ਲੋਕ ਆਪਣੇ ਮੁਰਦਾ ਪਸ਼ੂ ਨੂੰ ਵੇਲੇ ਕੁਵੇਲੇ ਵਿਹਲੀਆਂ ਥਾਵਾਂ ’ਤੇ ਸੁੱਟ ਜਾਂਦੇ ਹਨ। ਅਵਾਰਾ ਫਿਰਦੇ ਪਸ਼ੂਆਂ ਦੀਆਂ ਮੌਤਾਂ ਵੀ ਇੱਧਰ ਉਧਰ ਫਿਰਦਿਆਂ ਦੀਆਂ ਹੋ ਰਹੀਆਂ ਹਨ। ਗ੍ਰਾਮ ਪੰਚਾਇਤਾਂ ਨੂੰ ਆਪਣੇ ਖਰਚੇ ਨਾਲ ਜੇਸੀਬੀ ਦੀ ਮਦਦ ਰਾਹੀਂ ਮੁਰਦਾ ਪਸ਼ੂਆਂ ਨੂੰ ਟੋਏ ਪੁੱਟ ਕੇ ਦੱਬਣ ਦਾ ਕੰਮ ਕਰਨਾ ਪੈ ਰਿਹਾ ਹੈ।

ਪੱਖੋ ਕਲਾਂ ਦੀ ਹੱਡਾ ਰੋੜੀ ਮੁਰਦਾ ਪਸ਼ੂਆਂ ਨਾਲ ਫੁੱਲ

ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ)  ਇਸ ਇਲਾਕੇ ਦੇ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਨਾਂ ਦੀ ਬਿਮਾਰੀ ਕਾਰਨ ਪਸ਼ੂਆਂ ਦਾ ਲਗਾਤਾਰ ਮਰਨਾ ਜਾਰੀ ਹੈ ਤੇ ਹੱਡਾ ਰੋੜੀਆਂ ਵਿੱਚ ਤਿਲ ਸੁੱਟਣ ਦੀ ਜਗ੍ਹਾ ਬਾਕੀ ਨਹੀਂ ਬਚੀ। ਪਿੰਡ ਪੱਖੋ ਕਲਾਂ ਦੀ ਹੱਡਾ ਰੋੜੀ ਜੋ ਰਿਹਾਇਸ਼ੀ ਏਰੀਆ, ਗਰਿੱਡ ਤੇ ਦਾਣਾ ਮੰਡੀ ਦੇ ਨੇੜੇ ਹੈ, ਵਿੱਚ ਸੈਂਕੜੇ ਮੁਰਦਾ ਪਸ਼ੂ ਖੁੱਲ੍ਹੇ ਅਸਮਾਨ ਥੱਲੇ ਸੁੱਟੇ  ਪਏ ਹਨ। ਇਸ ਕਰਕੇ  ਆਸ ਪਾਸ ਦੇ ਖੇਤਰ ਵਿੱਚ ਬਦਬੂ ਫੈਲ ਗਈ ਹੈ ਤੇ ਆਸ ਪਾਸ ਦੇ ਖੇਤਰ ਵਿੱਚ  ਬਿਮਾਰੀ ਫੈਲਣ ਦਾ ਖਤਰਾ ਵੀ  ਬਣ ਗਿਆ ਹੈ। ਪਿੰਡ ਵਾਸੀ ਗੁਰਸੇਵਕ ਸਿੰਘ, ਜਸਕਰਨ ਸਿੰਘ , ਭੁਪਿੰਦਰ ਕੁਮਾਰ, ਗੁਰਤੇਜ ਸਿੰਘ, ਕਰਨਵੀਰ ਸਿੰਘ, ਵੀਰਭੱਦਰ ਸਿੰਘ, ਜੱਗਾ ਸਿੰਘ, ਰਾਜਵੀਰ ਸਿੰਘ, ਬਿੱਕਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਠੇਕੇਦਾਰ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਇਨ੍ਹਾਂ ਪਸ਼ੂਆਂ ਨੂੰ ਜ਼ਮੀਨ ਵਿੱਚ ਦੱਬ ਦੇਵੇ ਪਰ ਉਹ ਟਾਲਮਟੋਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਚੋਰੀ ਛੁਪੇ ਹੋਰ ਬਾਹਰਲੇ ਪਿੰਡਾਂ ਦੇ ਪਸ਼ੂ ਵੀ ਇੱਥੇ ਲਿਆ ਕੇ ਸੁੱਟੇ ਜਾ ਰਹੇ ਹਨ ਜਿਸ ਕਾਰਨ ਹਾਲਤ ਬੱਦਤਰ ਬਣੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੱਡਾਰੋੜੀ ਵਿੱਚ ਪਏ ਪਸ਼ੂਆਂ ਨੂੰ ਜੇਸੀਬੀ ਨਾਲ  ਟੋਆ ਪੁੱਟ ਕੇ ਦਬਾਇਆ ਜਾਵੇ ਤੇ ਬਾਹਰਲੇ ਪਿੰਡਾਂ ਦੇ ਪਸ਼ੂ ਸੁੱਟਣੇ ਬੰਦ ਕੀਤੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All