ਝੋਨੇ ਦੀ ਲੁਆਈ: ਮਾੜੀ ਬਿਜਲੀ ਸਪਲਾਈ ਨੇ ਕਿਸਾਨੀ ਸਤਾਈ

ਝੋਨੇ ਦੀ ਲੁਆਈ: ਮਾੜੀ ਬਿਜਲੀ ਸਪਲਾਈ ਨੇ ਕਿਸਾਨੀ ਸਤਾਈ

ਤੁੰਗਵਾਲੀ ਵਿੱਚ ਝੋਨਾ ਲਗਾਉਣ ਮੌਕੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਤੇ ਔਰਤਾਂ। -ਫੋਟੋ: ਪਵਨ ਗੋਇਲ

ਜੋਗਿੰਦਰ ਸਿੰਘ ਮਾਨ

ਮਾਨਸਾ, 10 ਜੂਨ

ਮਾਲਵਾ ਪੱਟੀ ਵਿਚ ਝੋਨੇ ਦੀ ਲਵਾਈ ਦੇ ਪਹਿਲੇ ਦਿਨ ਅੱਜ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਕਰਨ ਦਾ ਬਹੁਤੀ ਥਾਂ ਜਲੂਸ ਨਿਕਲ ਗਿਆ। ਬੇਸ਼ੱਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਨੇ ਕਿਸਾਨਾਂ ਨੂੰ 9 ਜੂਨ ਦੀ ਅੱਧੀ ਰਾਤ ਤੋਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਦਾਅਵੇ ਕੀਤੇ ਸਨ, ਪਰ ਅੱਜ ਅਨੇਕਾਂ ਫੀਡਰਾਂ ਵਿਚ ਕਿਸਾਨਾਂ ਨੂੰ ਪੂਰੇ 8 ਘੰਟੇ ਦੀ ਥਾਂ ਚਾਰ ਘੰਟੇ ਵੀ ਬਿਜਲੀ ਸਪਲਾਈ ਪ੍ਰਾਪਤ ਨਹੀਂ ਹੋ ਸਕੀ। ਕਈ ਥਾਵਾਂ ’ਤੇ ਕਿਸਾਨਾਂ ਨੂੰ ਸਿਰਫ਼ 2 ਘੰਟੇ ਹੀ ਬਿਜਲੀ ਮਿਲੀ, ਉਹ ਵੀ ਲਗਾਤਾਰ ਦੀ ਥਾਂ ਟੁੱਟਵੇਂ ਰੂਪ ਵਿੱਚ। ਪ੍ਰਾਪਤ ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਹੀ ਫੀਡਰਾਂ ਵਿਚ ਕਿਤੇ ਵੀ ਅੱਜ ਅੱਠ ਘੰਟੇ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨਹੀਂ ਹੋ ਸਕੀ ਹੈ। ਕਿਸਾਨਾਂ ਨੂੰ ਸਿਰਫ਼ 2 ਤੋਂ 6 ਘੰਟੇ ਹੀ ਬਿਜਲੀ ਸਪਲਾਈ ਹੋ ਸਕੀ ਅਤੇ ਇਸ ਸਡਿਊਲ ਸਮੇਂ ਦੌਰਾਨ ਵੀ ਬਿਜਲੀ ਫਾਲਟ ਹੁੰਦੀ ਰਹੀ ਹੈ ਅਤੇ ਇਸ ਫਾਲਟ ਲਈ ਵੱਖਰੀ ਬਿਜਲੀ ਦੇਣ ਦਾ ਨਿਗਮ ਨੇ ਪਹਿਲੇ ਦਿਨ ਕੋਈ ਬੰਦੋਬਸ਼ਤ ਨਹੀਂ ਕੀਤਾ। ਪਾਵਰਕੌਮ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਪਰੋਂ ਹੀ ਛੇ ਘੰਟੇ ਬਿਜਲੀ ਛੱਡਣ ਦੇ ਵਿਭਾਗੀ ਫੁਰਮਾਨ ਫਿਲਹਾਲ ਜਾਰੀ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਪਹਿਲੇ ਦਿਨ ਮਾਨਸਾ ਅਤੇ ਬੁਢਲਾਡਾ ਗਰਿੱਡ ਤੋਂ ਰਾਤ ਦੇ 10 ਵਜੇ ਤੋਂ ਚੱਲ ਕੇ ਢਾਈ ਘੰਟਿਆਂ ਬਾਅਦ ਹੀ ਬੰਦ ਹੋ ਗਈ, ਜੋ ਮੁੜ ਕੇ ਸਵੇਰ ਤੱਕ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰ੍ਹਾਂ ਬੋੜਾਵਾਲ, ਬਰੇਟਾ, ਧਲੇਵਾਂ, ਭੀਖੀ, ਬੋਹਾ, ਚੱਕ ਅਲੀਸ਼ੇਰ, ਕਿਸ਼ਨਗੜ੍ਹ, ਦਾਤੇਵਾਸ, ਕੁਲਰੀਆਂ ਗਰਿੱਡਾਂ ਤੋਂ ਸਪਲਾਈ ਤਿੰਨ-ਚਾਰ ਘੰਟੇ ਹੀ ਬਿਜਲੀ ਦਿੱਤੀ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਹਿਲੇ ਦਿਨ 8 ਘੰਟਿਆਂ ਦੀ ਥਾਂ 4 ਘੰਟੇ ਹੀ ਬਿਜਲੀ ਸਪਲਾਈ ਮਿਲ ਸਕੀ ਹੈ, ਪਰ ਕਿਸਾਨਾਂ ਨੂੰ ਖੇਤ ਵਿੱਚ ਕੱਦੂ ਕਰਨ ਲਈ ਜਨਰੇਟਰ ਦਾ ਸਹਾਰਾ ਲੈਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰੱਲਾ, ਰੜ੍ਹ, ਬੋਹੜਾਂਵਾਲਾ, ਸਿੰਘਆਣਾਂ,ਲੱਧੜਵਾਲਾ, ਮਾਖਾ, ਭੁਪਾਲ, ਅਨੂਪਗੜ੍ਹ, ਜੋਗਾ ਦਿਹਾਤੀ, ਉਭਾ ਫੀਡਰਾਂ ਤੋਂ ਕਿਸਾਨਾਂ ਨੂੰ 4 ਘੰਟੇ ਹੀ ਬਿਜਲੀ ਮਿਲ ਸਕੀ ਹੈ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਭੀਖੀ ਅਤੇ ਕੋਟਧਰਮੂ ਫੀਡਰਾਂ ਵਿਚ ਕਿਸਾਨਾਂ ਨੂੰ ਲੋੜੀਂਦੇ 8 ਘੰਟੇ ਏਪੀ ਪਾਵਰ ਨਹੀਂ ਦਿੱਤੀ ਗਈ, ਜਿਸ ਕਾਰਨ ਝੋਨਾ ਲਾਉਣ ਲਈ ਡੀਜ਼ਲ ਮਚਾਉਣਾ ਪਿਆ।  ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਦੇ ਮਾਨਸਾ ਸਥਿਤ ਸੀਨੀਅਰ ਕਾਰਜਕਾਰੀ ਇੰਜਨੀਅਰ ਸਾਹਿਲ ਗੁਪਤਾ ਨੇ ਮੰਨਿਆ ਕਿ ਕਈ ਫੀਡਰਾਂ ਤੋਂ ਕਿਸਾਨਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ  ਸਕੀ। ਉਨ੍ਹਾਂ ਕਿਹਾ ਕਿ ਅਜਿਹਾ ਉਪਰੋਂ ਲੱਗੇ ਪਾਵਰ ਕੱਟਾਂ ਕਾਰਨ ਹੋਇਆ ਹੈ।

ਕਿਸਾਨਾਂ ਵੱਲੋਂ ਪਾਵਰਕੌਮ ਖ਼ਿਲਾਫ਼ ਪ੍ਰਦਰਸ਼ਨ

ਭੁੱਚੋ ਮੰਡੀ (ਪਵਨ ਗੋਇਲ):ਪਿੰਡ ਤੁੰਗਵਾਲੀ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਖੇਤੀ ਮੋਟਰਾਂ ਨੂੰ ਪੂਰੀ ਬਿਜਲੀ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਸਰਬਜੀਤ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਇਸਸ ਸਮੇਂ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ, ਪਰ ਪਾਵਰਕੌਮ ਵੱਲੋਂ ਅੱਜ ਅੱਠ ਘੰਟਿਆਂ ਦੀ ਬਜਾਏ ਸਿਰਫ਼ ਪੰਜ ਘੰਟੇ ਹੀ ਬਿਜਲੀ ਸਪਲਾਈ ਦਿੱਤੀ ਗਈ ਹੈ। ਇਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਅਧਿਕਾਰੀਆਂ ਨੇ ਕੱਲ੍ਹ ਨੂੰ ਵੀ ਬਿਜਲੀ ਇਸੇ ਤਰ੍ਹਾਂ ਹੀ ਮਿਲਣ ਦੀ ਗੱਲ ਕਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਸਮੇਂ ਖੇਤੀ ਮੋਟਰਾਂ ਨੂੰ ਵੱਧ ਤੋਂ ਵੱਧ ਬਿਜਲੀ ਦਿੱਤੀ ਜਾਵੇ। ਇਸ ਮੌਕੇ ਔਰਤਾਂ ਵੀ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All