ਮਾਲਵੇ ’ਚ ਮੀਂਹ ਮਗਰੋਂ ਝੋਨੇ ਦੀ ਲੁਆਈ ਨੇ ਜ਼ੋਰ ਫੜਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੂਨ
ਮਾਲਵਾ ਖੇਤਰ ਦੇ ਅਨੇਕਾਂ ਥਾਵਾਂ ’ਤੇ ਪਏ ਕੱਲ੍ਹ ਦੇ ਮੀਂਹ ਦਾ ਲਾਹਾ ਲੈਂਦਿਆਂ ਅੱਜ ਕਿਸਾਨਾਂ ਨੇ ਤੇਜ਼ੀ ਨਾਲ ਝੋਨਾ ਲਾਉਣ ਆਰੰਭ ਕਰ ਦਿੱਤਾ ਹੈ। ਭਾਵੇਂ ਮਾਲਵਾ ਖੇਤਰ ਦੇ ਬਠਿੰਡਾ ਸਮੇਤ ਫ਼ਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਆਰੰਭ ਹੋ ਗਈ ਹੈ, ਪਰ ਅੱਜ ਮਿਲੀਆਂ ਸੂਚਨਾਵਾਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਸਮੇਤ ਬਰਨਾਲਾ, ਸੰਗਰੂਰ ਵਿੱਚ ਵੀ ਕਿਸਾਨਾਂ ਨੇ ਸਰਕਾਰੀ ਸਿਫਾਰਸ਼ਾਂ ਦੇ ਉਲਟ ਝੋਨੇ ਦੀ ਲੁਆਈ ਬਿਨਾਂ ਕਿਸੇ ਡਰ-ਡੁੱਕਰ ਤੋਂ ਆਰੰਭ ਕਰ ਦਿੱਤੀ ਹੈ। ਕਿਸਾਨਾਂ ਲਈ ਭਾਵੇਂ ਕੋਟਲਾ ਬ੍ਰਾਂਚ ਅਤੇ ਭਾਖੜਾ ਨਹਿਰ ਦੀ ਬੰਦੀ ਹੋਣ ਕਾਰਨ ਮਾਨਸਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਵਿੱਚ ਨਹਿਰੀ ਪਾਣੀ ਦੀ ਤੰਗੀ ਚੱਲ ਰਹੀ ਹੈ, ਪਰ ਮੀਂਹ ਕਾਰਨ ਤਾਪਮਾਨ ਥੱਲੇ ਆਉਣ ਸਦਕਾ ਅਤੇ ਪਾਵਰ ਕਾਰਪੋਰੇਸ਼ਨ ਵੱਲੋਂ ਖੇਤੀ ਮੋਟਰਾਂ ਲਈ ਵਾਧੂ ਦਿੱਤੀ ਜਾ ਰਹੀ ਬਿਜਲੀ ਦਾ ਲਾਹਾ ਲੈਂਦਿਆਂ ਕਿਸਾਨਾਂ ਨੇ ਦੇਰ ਸ਼ਾਮ ਤੱਕ ਝੋਨਾ ਲਾਉਣ ਦਾ ਸਿਲਸਿਲਾ ਜਾਰੀ ਰੱਖਿਆ।
ਪੰਜਾਬ ਕਿਸਾਨ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੈਣੀਬਾਘਾ, ਠੂਠਿਆਂਵਾਲੀ, ਖੋਖਰ ਕਲਾਂ, ਫਫੜੇ ਭਾਈਕੇ, ਮੂਸਾ, ਫਰਮਾਹੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਅੱਜ ਪੰਜਾਬੀ ਲੇਬਰ ਨੂੰ ਲੈਕੇ ਝੋਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿੰਦ-ਪਾਕਿ ਤਣਾਅ ਤੋਂ ਬਾਅਦ ਖੇਤਾਂ ਵਿੱਚ ਪੁੱਜੇ ਪਰਵਾਸੀ ਮਜ਼ਦੂਰਾਂ ਨੇ ਵੀ ਝੋਨਾ ਲਾਉਣ ਦਾ ਕਾਰਜ ਆਪਣੇ ਹੱਥੀ ਸ਼ੁਰੂ ਕਰ ਦਿੱਤਾ ਹੈ।
ਇਸੇ ਦੌਰਾਨ ਪੰਜਾਬ ਵਿੱਚ ਦੂਜੇ ਗੇੜ ’ਚ ਝੋਨੇ ਦੀ ਲੁਆਈ 5 ਜੂਨ ਤੋਂ ਆਰੰਭ ਹੋ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਭਲਕੇ ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਰੂਪ ਨਗਰ, ਐਸਏਐਸ ਨਗਰ,ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਦੂਜੇ ਗੇੜ ਦੀ ਝੋਨੇ ਦੀ ਲੁਵਾਈ ਸ਼ੁਰੂ ਕੀਤੀ ਜਾਵੇਗੀ।
ਨਕਲੀ ਡੀਏਪੀ ਖਾਦ ਵਿਕਣ ਦਾ ਮਾਮਲਾ ਭਖਿਆ
ਮਾਨਸਾ (ਪੱਤਰ ਪ੍ਰੇਰਕ): ਝੋਨੇ ਦੀ ਲੁਆਈ ਲਈ ਡੀਏਪੀ ਖਾਦ ਦੀ ਕਿੱਲਤ ਵਾਲੇ ਦਿਨਾਂ ਦੌਰਾਨ ਨਕਲੀ ਖਾਦ ਵਿਕਣ ਦੇ ਸਾਹਮਣੇ ਆਏ ਮਾਮਲਿਆਂ ਤੋਂ ਬਾਅਦ ਪੰਜਾਬ ਕਿਸਾਨ ਯੂਨੀਅਨ ਨੇ ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਤੋਂ ਅਜਿਹੀਆਂ ਜਾਅਲੀ ਖਾਦ ਕੰਪਨੀਆਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਿਸਾਨ ਨੂੰ ਲੰਬੇ ਸਮੇਂ ਤੋਂ ਨਕਲੀ ਡੀਏਪੀ ਖਾਦ ਦੀਆਂ ਅਨੇਕਾਂ ਬੋਰੀਆਂ ਵਿਕਣ ਦਾ ਉਸ ਵੇਲੇ ਪਤਾ ਲੱਗਦਾ ਹੈ, ਜਦੋਂ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ, ਜਦੋਂ ਕਿ ਖੇਤੀਬਾੜੀ ਵਿਭਾਗ ਨੂੰ ਹੁਣ ਚਾਹੀਦਾ ਹੈ ਕਿ ਉਹ ਬਜ਼ਾਰ ਵਿੱਚ ਵਿਕ ਰਹੀਆਂ ਖਾਦਾਂ ਦੀ ਪੜਤਾਲ ਕਰਨ ਤੋਂ ਬਾਅਦ ਹੀ ਕਿਸਾਨਾਂ ਲਈ ਵਿਕਣ ਦਾ ਬੰਦੋਬਸ਼ਤ ਕਰਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਸੈਂਪਲ ਭਰੇ ਜਾਣਗੇ ਅਤੇ ਕਿਸੇ ਵੀ ਕਿਸਮ ਨਕਲੀ ਖਾਦ ਬੀਜ ਤੇ ਕੀੜੇਮਾਰ ਦਵਾਈਆਂ ਬਣਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।