Sanitation Workers Strike: ਪੁਲੀਸ ਪਹਿਰੇ ਹੇਠ ਕੂੜਾ ਚੁੱਕਵਾਉਣ ਖ਼ਿਲਾਫ਼ ਰੋਹ
ਸਫ਼ਾਈ ਕਾਮਿਆਂ ਵੱਲੋਂ ਥਾਣੇ ਅੱਗੇ ਮੁਜ਼ਾਹਰਾ; ਦਰਜਨ ਹਿਰਾਸਤ ਵਿੱਚ ਲਏ
ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਸੂਬਾ ਪੱਧਰੀ ਹੜਤਾਲ ਦੌਰਾਨ ਪ੍ਰਸ਼ਾਸਨ ਨੇ ਅੱਜ ਤੜਕੇ ਭਾਰੀ ਪੁਲੀਸ ਬਲ ਦੀ ਮੌਜੂਦਗੀ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕੂੜੇ ਦੇ ਢੇਰ ਚੁਕਵਾ ਦਿੱਤੇ। ਇਸ ਕਾਰਵਾਈ ਦਾ ਵਿਰੋਧ ਕਰਨ ਪੁੱਜੇ ਕਰੀਬ ਦਰਜਨ ਭਰ ਸਫ਼ਾਈ ਕਰਮਚਾਰੀਆਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ, ਜਿਨ੍ਹਾਂ ਨੂੰ ਬਾਅਦ ਵਿੱਚ ਸਾਥੀ ਕਰਮਚਾਰੀਆਂ ਦੇ ਭਾਰੀ ਪ੍ਰਦਰਸ਼ਨ ਮਗਰੋਂ ਰਿਹਾਅ ਕਰ ਦਿੱਤਾ ਗਿਆ। ਕੂੜਾ ਚੁਕਵਾਉਣ ਦੀ ਇਹ ਮੁਹਿੰਮ ਡੀ ਐੱਸ ਪੀ ਯੋਗੇਸ਼ ਬੱਤਰਾ, ਨਗਰ ਕੌਂਸਲ ਦੇ ਈ ਓ ਸੁਰਿੰਦਰ ਕੁਮਾਰ ਅਤੇ ਜੇ ਈ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਰਾਮਲੀਲਾ ਮੈਦਾਨ ਨੇੜੇ ਅਰੋੜਵੰਸ਼ ਰੋਡ, ਪੁਰਾਣੀ ਸਬਜ਼ੀ ਮੰਡੀ, ਚੌਟਾਲਾ ਰੋਡ, ਇੰਪਰੂਵਮੈਂਟ ਟਰੱਸਟ ਪਾਰਕ, ਬਠਿੰਡਾ ਚੌਕ ਅਤੇ ਵਾਲਮੀਕਿ ਚੌਕ ਵਿੱਚ ਚਲਾਈ ਗਈ। ਸੂਚਨਾ ਮਿਲਦਿਆਂ ਹੀ ਸਫ਼ਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੁੱਖ ਬਾਜ਼ਾਰ ਪਹੁੰਚ ਗਏ ਅਤੇ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ।
ਪੁਲੀਸ ਵੱਲੋਂ ਲਗਪਗ 12 ਕਰਮਚਾਰੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਸਿਟੀ ਥਾਣੇ ਲਿਜਾਇਆ ਗਿਆ। ਇਸ ਤੋਂ ਬਾਅਦ ਸਵੇਰੇ ਕਰੀਬ ਸੱਤ ਵਜੇ ਹੋਰਨਾਂ ਕਰਮਚਾਰੀਆਂ ਨੇ ਥਾਣੇ ਅੱਗੇ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਦਬਾਅ ਵਧਦਿਆਂ ਵੇਖ ਲਗਪਗ ਪੌਣੇ ਅੱਠ ਵਜੇ ਦੇ ਸਾਰੇ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ, ਜਿਨ੍ਹਾਂ ਨੇ ਬਾਅਦ ਵਿੱਚ ਵਾਲਮੀਕਿ ਚੌਕ ਤੱਕ ਰੋਸ ਮਾਰਚ ਕੱਢਿਆ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਬਣਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਅਜਿਹੇ ਹੱਥਕੰਡਿਆਂ ਨਾਲ ਸਫ਼ਾਈ ਕਰਮਚਾਰੀਆਂ ਦਾ ਸੰਘਰਸ਼ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਸਫ਼ਾਈ ਕਾਮੇ ਆਗੂਆਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ
ਏਲਨਾਬਾਦ (ਜਗਤਾਰ ਸਮਾਲਸਰ): ਸੂਬੇ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਹੋਣ ਕਾਰਨ ਹੜਤਾਲ ਅੱਜ 18ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਸ਼ਹਿਰਾਂ ਵਿੱਚ ਕੂੜੇ ਦੇ ਢੇਰ ਲੱਗਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਸਾ ਅਤੇ ਡੱਬਵਾਲੀ ਵਿੱਚ ਪੁਲੀਸ ਵੱਲੋਂ ਸਫ਼ਾਈ ਕਰਮਚਾਰੀ ਆਗੂਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਅੱਜ ਏਲਨਾਬਾਦ ਵਿੱਚ ਕਰਮਚਾਰੀਆਂ ਨੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਬਰ ਜਾਰੀ ਰੱਖਿਆ ਤਾਂ ਉਹ ਜੇਲ੍ਹ ਭਰੋ ਅੰਦੋਲਨ ਛੇੜਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ।
ਕਾਲਾਂਵਾਲੀ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਨਗਰ ਪਾਲਿਕਾ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਦਫ਼ਤਰ ਅੱਗੇ ਕੀਤੀ ਜਾ ਰਹੀ ਹੜਤਾਲ ਅੱਜ 18ਵੇਂ ਦਿਨ ਵੀ ਨਿਰੰਤਰ ਜਾਰੀ ਰਹੀ। ਹੜਤਾਲੀ ਕਰਮਚਾਰੀਆਂ ਨੇ ਸਿਰਸਾ ਅਤੇ ਡੱਬਵਾਲੀ ਵਿੱਚ ਸਾਥੀ ਕਰਮਚਾਰੀਆਂ ਦੀ ਪੁਲੀਸ ਹਿਰਾਸਤ ਵਿਰੁੱਧ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਸਿਕੰਦਰ ਅਟਵਾਲ, ਰਘੂਵੀਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਠੇਕਾ ਪ੍ਰਣਾਲੀ ਖ਼ਤਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀਆਂ ਮੰਗਾਂ ਨੂੰ ਲੈ ਕੇ 13 ਮਈ ਨੂੰ ਹੋਏ ਸਮਝੌਤੇ ਤੋਂ ਸਰਕਾਰ ਹੁਣ ਮੁੱਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

