ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਨਵੰਬਰ
ਇੱਥੇ ਗੁਰੂ ਨਾਨਕ ਦੇਵ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸਿੰਘ ਸਭਾ ਤੋਂ ਸਵੇਰੇ ਦਸ ਵਜੇ ਦੇ ਕਰੀਬ ਆਰੰਭ ਹੋਇਆ। ਸਭ ਤੋਂ ਪਹਿਲਾਂ ਬਾਬਾ ਅਰਵਿੰਦਰ ਸਿੰਘ ਨਾਨਕਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਫੁੱਲਾਂ ਨਾਲ ਸਜਾਈ ਪਾਲਕੀ ’ਚ ਸੁਸ਼ੋਭਿਤ ਕੀਤਾ, ਜਿਸ ਮਗਰੋਂ ਨਗਰ ਕੀਰਤਨ ਸ਼ੁਰੂ ਹੋਇਆ। ਇਸ ਸਮੇਂ ਸਾਬਕਾ ਵਿਧਾਇਕ ਐੱਸ ਆਰ ਕਲੇਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਮੇਤ ਕਈ ਆਗੂ ਮੌਜੂਦ ਸਨ। ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ, ਸਕੂਲਾਂ ਵਿਦਿਆਰਥੀ, ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ਅਤੇ ਝਾੜੂ ਵਾਲੇ ਸਫ਼ਾਈ ਕਰਦੇ ਨੌਜਵਾਨ ਨਾਲ-ਨਾਲ ਚੱਲ ਰਹੇ ਸਨ। ਇਸ ਸਮੇਂ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਅਪਾਰ ਸਿੰਘ, ਰਜਿੰਦਰ ਜੈਨ ਨਗਰ ਕੀਰਤਨ |ਚ ਸ਼ਾਮਲ ਹੋਏ। ਇਸੇ ਤਰ੍ਹਾਂ ਜੀਐੱਚਜੀ ਅਕੈਡਮੀ ਵਿੱਚ ਵੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਅਧਿਆਪਕ ਹਰਭਜਨ ਸਿੰਘ ਅਤੇ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਸਮਾਪਤ ਹੋਇਆ। ਨਗਰ ਕੀਰਤਨ ਦਾ ਬਲਾਕਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਗੁਰੂ ਦੇ ਲੰਗਰ ਵੀ ਲਾਏ ਗਏ।
ਨਗਰ ਕੀਰਤਨ ਵਿੱਚ ਇਸਤਰੀ ਸਤਿਸੰਗ ਸਭਾਵਾਂ ਦੇ ਕੀਰਤਨੀ ਜਥਿਆਂ, ਬੈਂਡ ਪਾਰਟੀਆਂ ਅਤੇ ਨਿੱਕੇ ਬੱਚਿਆਂ ਨੇ ਹਿੱਸਾ ਲਿਆ। ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਜਗਦੇਵ ਸਿੰਘ ਕਲਸੀ, ਜਗਜੀਤ ਸਿੰਘ ਆਹੂਜਾ, ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਸਰਪੰਚ ਗੁਰਚਰਨ ਸਿੰਘ ਖੁਰਾਣਾ ਵੱਲੋਂ ਜਥਿਆਂ ਦਾ ਧੰਨਵਾਦ ਕਰਦਿਆਂ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਪਾਇਲ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈਸੜੂ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਤੋਂ ਆਰੰਭ ਹੋ ਕੇ ਪਿੰਡ ਦੀਆਂ ਗਲੀਆਂ ਦੀ ਪਰਿਕਰਮਾ ਕਰਨ ਉਪਰੰਤ ਸਮਾਪਤ ਹੋਇਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਐਡੀਸ਼ਨਲ ਰਜਿਸਟਰਾਰ ਮੇਜਰ ਸਿੰਘ ਅਤੇ ਐਡਵੋਕੇਟ ਸੁਖਜੀਤ ਸਿੰਘ ਚੰਡੀਗੜ੍ਹ ਦੇ ਪਰਿਵਾਰ ਵੱਲੋਂ ਸੰਗਤਾਂ ਲਈ ਲੰਗਰ ਲਗਾਇਆ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਸੰਗਤਾਂ ਲਈ ਲੱਡੂ, ਪਕੌੜੇ, ਚਾਹ ਅਤੇ ਫਲਾਂ ਦੇ ਲੰਗਰ ਵਰਤਾਏ ਗਏ। ਇਸ ਨਗਰ ਕੀਰਤਨ ਵਿੱਚ ਮੁੱਖ ਗ੍ਰੰਥੀ ਗਿਆਨੀ ਅਮਰੀਕ ਸਿੰਘ, ਨਵਦੀਪ ਸਿੰਘ ਨੋਨੀ ਤੇ ਨਿਰਮਲ ਸਿੰਘ ਖਾਲਸਾ ਆਦਿ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ (ਅਖੰਡ ਕੀਰਤਨੀ ਜਥਾ) ਨੇ ਗੁਰਬਾਣੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਕਥਾ ਵਿਚਾਰ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਵੱਲੋਂ ਬਖਸ਼ੇ ਸਿਧਾਂਤਾਂ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਨ। ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ’ਤੇ ਚੱਲਦਿਆਂ ਸੰਗਤਾਂ ਆਪਣਾ ਜੀਵਨ ਸਫ਼ਲ ਕਰਨ।