ਪੱਤਰ ਪ੍ਰੇਰਕ
ਜੈਤੋ, 3 ਮਈ
ਲੌਕਡਾਊਨ ਸਬੰਧੀ ਨਵੇਂ ਸਰਕਾਰੀ ਹੁਕਮਾਂ ਨੂੰ ਲੈ ਕੇ ਸਪੱਸ਼ਟ ਨਿਰਦੇਸ਼ਾਂ ਦੀ ਘਾਟ ਨੇ ਅੱਜ ਦੁਕਾਨਦਾਰਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਿਆ। ‘ਜ਼ਰੂਰੀ’ ਤੇ ‘ਗ਼ੈਰ-ਜ਼ਰੂਰੀ’ ਵਸਤਾਂ ਦਾ ਰੇੜਕਾ ਸਾਰਾ ਦਿਨ ਚੱਲਦਾ ਰਿਹਾ। ਦੋ ਦਿਨਾਂ ਦੇ ਮੁਕੰਮਲ ਲੌਕਡਾਊਨ ਪਿੱਛੋਂ ਕਰੀਬ ਸਾਰੀਆਂ ਦੁਕਾਨਾਂ ਅੱਜ ਸਵੇਰੇ ਖੁੱਲ੍ਹੀਆਂ, ਪਰ ਬਾਅਦ ’ਚ ‘ਗ਼ੈਰ-ਜ਼ਰੂਰੀ’ ਚੀਜ਼ਾਂ ਵਾਲੀਆਂ ਦੁਕਾਨਾਂ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਕਾਲੂ ਰਾਮ ਦੀ ਬਗੀਚੀ ਵਿਚ ਇਕੱਠੇ ਹੋਏ। ਉਨ੍ਹਾਂ ਦਲੀਲ ਦਿੱਤੀ ਕਿ ਉਹ ਵੀ ਬਾਲ-ਬੱਚੇਦਾਰ ਹਨ ਅਤੇ ਚੁੱਲ੍ਹਾ ਉਨ੍ਹਾਂ ਦੇ ਘਰੀਂ ਵੀ ਤਪਣਾ ਚਾਹੀਦਾ ਹੈ। ਨਿੱਤ ਸੱਜਰੀ ਕਮਾ ਕੇ ਖਾਣ ਵਾਲਿਆਂ ਦਾ ਕਹਿਣਾ ਸੀ ਕਿ ਕਰੋਨਾ ਨੇ ਕਾਰੋਬਾਰਾਂ ਦਾ ਕਚੂੰਮਰ ਤਾਂ ਇਕ ਸਾਲ ਤੋਂ ਕੱਢ ਰੱਖਿਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਰ ਸਰਕਾਰ ਆਦੇਸ਼ ’ਤੇ ਫੁੱਲ ਚੜ੍ਹਾਉਣ ਲਈ ਪਾਬੰਦ ਹਨ ਬਸ਼ਰਤੇ ਉਨ੍ਹਾਂ ਦੀ ਵਿੱਤੀ ਮਦਦ ਕੀਤੀ ਜਾਵੇ। ਉਨ੍ਹਾਂ ਸਲਾਹ ਦਿੱਤੀ ਕਿ ‘ਜ਼ਰੂਰੀ’ ਤੇ ‘ਗ਼ੈਰ-ਜ਼ਰੂਰੀ’ ਵਾਲਾ ਪਾੜਾ ਪਾਉਣ ਦੀ ਬਜਾਏ ਸਰਕਾਰ ਸਰਕਾਰ ਸਾਰਿਆਂ ਨੂੰ ਹਫ਼ਤੇ ਦੇ ਵੰਡੇ ਸਿਰ ਦਿਨਾਂ ’ਚ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇਵੇ।