ਸ਼ਹਿਣਾ ਬਲਾਕ ਤੋਂ ਪਿੰਡ ਤੋੜਨ ਦਾ ਵਿਰੋਧ
ਸੂਬਾ ਸਰਕਾਰ ਵੱਲੋਂ ਬਲਾਕਾਂ ਦੇ ਪੁਨਰਗਠਨ ਤਹਿਤ ਕੁਝ ਪਿੰਡ, ਬਲਾਕ ਸ਼ਹਿਣਾ ਤੋਂ ਤੋੜ ਕੇ ਬਲਾਕ ਮਹਿਲ ਕਲਾਂ ਨਾਲ ਜੋੜੇ ਜਾ ਰਹੇ ਹਨ, ਜਿਸ ਦਾ ਪੰਚਾਇਤਾਂ ਅਤੇ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਮਾਰਚ ਕੀਤਾ ਗਿਆ। ਇਸ ਮੌਕੇ ਬੀ ਕੇ ਯੂ (ਏਕਤਾ) ਉਗਰਾਹਾਂ ਟੱਲੇਵਾਲ ਦੇ ਪ੍ਰਧਾਨ ਜਰਨੈਲ ਸਿੰਘ, ਬੀ ਕੇ ਯੂ (ਲੱਖੋਵਾਲ) ਦੇ ਪ੍ਰਧਾਨ ਨਾਇਬ ਸਿੰਘ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਕਨਵੀਨਰ ਸੁਦਾਗਰ ਭੋਤਨਾ, ਜੁਗਰਾਜ ਸਿੰਘ ਟੱਲੇਵਾਲ, ਰਾਜੂ ਸਿੰਘ, ਸੁਖਵਿੰਦਰ ਸਿੰਘ ਕੈਰੇ, ਭਾਈ ਲਾਲੋ ਵਿਚਾਰ ਮੰਚ ਦੇ ਹਰਜੀਤ ਸਿੰਘ ਖਿਆਲੀ, ਬੀਕੇਯੂ ਏਕਤਾ ਡਕੌਂਦਾ ਦੇ ਆਗੂ ਬਲਦੇਵ ਸਹਿਜੜਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਰਾਮਗੜ੍ਹ ਨੇ ਕਿਹਾ ਮਹਿਲ ਕਲਾਂ ਬਲਾਕ ਨਾਲ ਜੋੜੇ ਜਾ ਰਹੇ ਪਿੰਡਾਂ ਦੀ ਦੂਰੀ ਬਹੁਤ ਜ਼ਿਆਦਾ ਹੈ ਜਦਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬਲਾਕ ਸ਼ਹਿਣਾ ਨੇੜੇ ਪੈਂਦਾ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਬਲਾਕਬੰਦੀ ਦੇ ਵਿਰੋਧ ਵਿੱਚ ਜਮਹੂਰੀ ਜਥੇਬੰਦੀਆਂ ਵੱਲੋਂ 13 ਨਵੰਬਰ ਨੂੰ ਡੀ ਸੀ ਦਫ਼ਤਰ ਬਰਨਾਲਾ ਅੱਗੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਦੀ ਤਿਆਰੀ ਲਈ ਹਲਕੇ ਦੇ ਪਿੰਡ ਟੱਲੇਵਾਲ, ਭੋਤਨਾ, ਬਖਤਗੜ੍ਹ, ਕੈਰੇ, ਪੱਖੋਕੇ, ਮੱਲੀਆਂ ਅਤੇ ਚੂੰਘਾਂ ਵਿੱਚ ਮਾਰਚ ਕਰਕੇ ਲੋਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਰੱਦ ਕਰਵਾਉਣ ਲਈ ਉਨ੍ਹਾਂ ਨੇ ਸੰਘਰਸ਼ ਵਿੱਢਿਆ ਹੈ ਅਤੇ ਪਿੰਡਾਂ ਨੂੰ ਮੁੜ ਸ਼ਹਿਣਾ ਬਲਾਕ ਨਾਲ ਜੋੜਨ ਲਈ ਸੰਘਰਸ਼ ਜਾਰੀ ਰਹੇਗਾ।
