ਗੈਸ ਦੀਆਂ ਕੀਮਤਾਂ ਵਧਾਉਣ ਦਾ ਵਿਰੋਧ
ਐੱਲ ਪੀ ਜੀ ਦੀਆਂ ਕੀਮਤਾਂ ’ਚ ਹੋਏ ਇਜ਼ਾਫ਼ੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਾਲੰਟੀਅਰਾਂ ਨੇ ਅੱਜ ਇੱਥੇ ਫਾਇਰ ਬ੍ਰਿਗੇਡ ਚੌਕ ਵਿੱਚ ਮੁਜ਼ਾਹਰਾ ਕੀਤਾ। ਇਸ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ...
ਐੱਲ ਪੀ ਜੀ ਦੀਆਂ ਕੀਮਤਾਂ ’ਚ ਹੋਏ ਇਜ਼ਾਫ਼ੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਾਲੰਟੀਅਰਾਂ ਨੇ ਅੱਜ ਇੱਥੇ ਫਾਇਰ ਬ੍ਰਿਗੇਡ ਚੌਕ ਵਿੱਚ ਮੁਜ਼ਾਹਰਾ ਕੀਤਾ। ਇਸ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਰਾਕੇਸ਼ ਪੁਰੀ ਆਦਿ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧਾ ਕਰ ਕੇ ਮੋਦੀ ਸਰਕਾਰ ਨੇ ਆਪਣੇ ਅਖੌਤੀ ਗਰੀਬ ਪੱਖੀ ਚਿਹਰੇ ਨੂੰ ਇੱਕ ਵਾਰ ਫਿਰ ਬੇਨਕਾਬ ਕੀਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਪੂੰਜੀ ’ਤੇ ਨਾਗਵਲ ਮਾਰੀ ਬੈਠੇ ਸਿਰਫ ਪੰਦਰਾਂ ਫੀਸਦੀ ਕਾਰਪੋਰੇਟਾਂ ਨੂੰ ਅਰਬਾਂ ਰੁਪਏ ਦੀਆਂ ਆਰਥਿਕ ਛੋਟਾਂ ਦੇਣ ਵਾਲੀ ਭਾਜਪਾ ਸਰਕਾਰ ਨੇ ਐੱਲ ਪੀ ਜੀ ਦੇ ਭਾਅ ਵਧਾ ਕੇ ਲੋਕਾਂ ਦੇ ਮੂੰਹ ’ਚੋਂ ਰੋਟੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਗੈਸ ਦੇ ਰੇਟ 25 ਤੋਂ 50 ਫੀਸਦੀ ਘਟਾਏ ਜਾਂਦੇ, ਪਰ ਇੱਥੇ ਉਲਟਾ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਮੋਦੀ ਸਰਕਾਰ ਦੇ ਤੌਰ ਤਰੀਕਿਆਂ ਤੋਂ ਜਾਪਦਾ ਹੈ ਕਿ ਕੋਈ ਦਿਨ ਹੀ ਜਾਂਦਾ ਹੈ, ਜਦੋਂ ਸਰਕਾਰ ਕੰਪਨੀਆਂ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਬੇਲਗਾਮ ਕਰਨ ਦੀ ਖੁੱਲ੍ਹ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੰਘੀ ਘੁੱਟਣ ਵਾਲੇ ਹਾਲਾਤਾਂ ਨੂੰ ਆਮ ਆਦਮੀ ਪਾਰਟੀ ਖ਼ਾਮੋਸ਼ ਹੋ ਕੇ ਨਹੀਂ ਦੇਖੇਗੀ, ਸਗੋਂ ਇਸ ਵਿਰੁੱਧ ਲੋਕ ਲਹਿਰ ਤੇਜ਼ ਕਰ ਕੇ ਸੰਘਰਸ਼ ਲੜਿਆ ਜਾਵੇਗਾ।

