Agriculture Power Supply: ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਅੱਧੀ ਕਰਨ ਦਾ ਵਿਰੋਧ
ਬੀ ਕੇ ਯੂ (ਏਕਤਾ)-ਉਗਰਾਹਾਂ ਨੇ ਐਕਸੀਅਨ ਦਫ਼ਤਰ ਘੇਰ ਕੇ ਧਰਨਾ ਲਾਇਆ; ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਪੰਜਾਬ ਸਰਕਾਰ ਵੱਲੋਂ ਪਹਿਲੀ ਸਤੰਬਰ ਤੋਂ ਖੇਤੀ ਮੋਟਰਾਂ ਲਈ 8 ਘੰਟਿਆਂ ਦੀ ਥਾਂ 4 ਘੰਟੇ ਬਿਜਲੀ ਸਪਲਾਈ ਦੇ ਦਿੱਤੇ ਅਚਾਨਕ ਆਦੇਸ਼ਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਖਿਲਾਫ਼ ਤੇਵਰ ਤਿੱਖੇ ਹੋ ਗਏ ਹਨ। ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕੌਮ ਦੇ ਐਕਸੀਅਨ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ ਹਨ। ਮੁਜ਼ਾਹਰਾਕਾਰੀਆਂ ਨੇ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ।
ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਦਫ਼ਤਰ ਮਾਨਸਾ ਦਾ ਘਿਰਾਓ ਕਰ ਕੇ ਉਚ ਅਧਿਕਾਰੀਆਂ ਅੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਸਿਰਫ 5 ਘੰਟੇ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਸਮੇਂ ਸਿਰ ਪੂਰਾ ਪਾਣੀ ਨਾ ਮਿਲਣ ਕਾਰਨ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਰੋਜ਼ ਕਹਿ ਰਹੀ ਕਿ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਤੇ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਦਿੱਤਾ ਜਾ ਰਿਹਾ ਹੈ, ਜਦੋਂ ਕਿ ਹਕੀਕਤ ਇਸ ਦੇ ਉਲਟ ਹੈ। ਦੂਜੇ ਪਾਸੇ ਚੱਲਦੇ ਧਰਨੇ ਦੌਰਾਨ ਉਚ ਅਧਿਕਾਰੀਆਂ ਨੇ ਇਕੱਠ ’ਚ ਆ ਕੇ ਭਰੋਸਾ ਦਿੱਤਾ ਕਿ ਘੱਟ ਬਿਜਲੀ ਸਪਲਾਈ ਦਾ ਮਸਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਤੇ ਜਲਦੀ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮਗਰੋਂ ਜਥੇਬੰਦੀ ਨੇ ਘਿਰਾਓ ਖ਼ਤਮ ਕਰ ਦਿੱਤਾ। ਇਸੇ ਦੌਰਾਨ ਵੱਖਰੇ ਤੌਰ ’ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਰਕੇ ਕਿਸਾਨਾਂ ਦਾ ਝੋਨਾ ਖੇਤਾਂ ਵਿੱਚ ਸੁੱਕਣ ਲੱਗਾ ਹੈ, ਪਰ ਦੂਜੇ ਪਾਸੇ ਬਿਜਲੀ ਸਪਲਾਈ ਸਿਰਫ ਚਾਰ ਘੰਟੇ ਦਿੱਤੀ ਜਾਣ ਲੱਗੀ ਹੈ। ਔੜ ਲੱਗੀ ਹੋਣ ਕਰ ਕੇ ਝੋਨਾ ਸੁੱਕਣ ਲੱਗਾ ਹੈ। ਉਨ੍ਹਾਂ ਕਿਹਾ ਜੇ ਸਰਕਾਰ ਵੱਲੋਂ ਬਿਜਲੀ ਸਪਲਾਈ 8 ਘੰਟੇ ਨਾ ਦਿੱਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਬਿਜਲੀ ਕਟੌਤੀ ਖ਼ਿਲਾਫ਼ ਮੰਗ ਪੱਤਰ ਦਿੱਤਾ
ਨਥਾਣਾ (ਭਗਵਾਨ ਦਾਸ ਗਰਗ): ਖੇਤੀ ਸੈਕਟਰ ਤੇ ਘਰੇਲੂ ਬਿਜਲੀ ਸਪਲਾਈ ਸਬੰਧੀ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਬੀ ਕੇ ਯੂ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਪਾਵਰ ਨਿਗਮ ਦੇ ਸਥਾਨਕ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਸਥਾਨਕ ਬਿਜਲੀ ਘਰ ਵਿੱਚ ਰੋਸ ਰੈਲੀ ਕੀਤੀ ਗਈ। ਯੂਨੀਅਨ ਦੇ ਬਲਾਕ ਪੱਧਰੀ ਆਗੂਆਂ ਲਖਵੀਰ ਸਿੰਘ ਮਾਨ, ਅਵਤਾਰ ਸਿੰਘ ਤੇ ਨਗੌਰ ਸਿੰਘ ਨੇ ਕਿਹਾ ਕਿ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਨਾ ਮਿਲਣ ਕਰਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਇਸ ਸਮੱਸਿਆ ਸਬੰਧੀ ਪਿੰਡਾਂ ਦੇ ਕਿਸਾਨ ਪਾਵਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲੇ ਹਨ ਪਰ ਕੋਈ ਹੱਲ ਨਹੀ ਕੀਤਾ ਜਾ ਰਿਹਾ। ਕਿਸਾਨ ਆਗੂਆਂ ਦੱਸਿਆ ਕਿ ਐੱਸ ਡੀ ਓ ਦੇ ਹਾਜ਼ਰ ਨਾ ਹੋਣ ਕਾਰਨ ਜੂਨੀਅਰ ਅਧਿਕਾਰੀਆਂ ਨੂੰ ਇਹ ਮੰਗ ਪੱਤਰ ਦਿੱਤਾ ਗਿਆ।

